ਨੈਸ਼ਨਲ ਹਾਈਵੇ ਉਤੇ ਚੱਲਦੇ ਕੰਮ ਆਵਾਜਾਈ ਵਿਚ ਰੁਕਾਵਟ ਨਾ ਬਣਨ-ਡਿੰਪਾ
ਕੋਈ ਕਰਮਚਾਰੀ ਵੈਕਸੀਨ ਤੋਂ ਪਾਸੇ ਨਹੀਂ ਰਹਿਣਾ ਚਾਹੀਦਾ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ 29 ਜੂਨ 2021 ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ ਅਤੇ ਸ. ਜਸਬੀਰ ਸਿੰਘ ਡਿੰਪਾ ਨੇ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਅਤੇ ਕਲਿਆਣਕਾਰੀ ਯੋਜਨਾਵਾਂ ਅਧੀਨ ਹੋ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਜਿੱਥੇ ਅਧਿਕਾਰੀਆਂ ਕੋਲੋਂ ਹੁਣ ਤੱਕ ਹੋਏ ਕੰਮਾਂ ਦੇ ਵੇਰਵੇ ਲਏ, ਉਥੇ ਭਵਿੱਖ ਦੀ ਰਣਨੀਤੀ ਬਾਰੇ ਵੀ ਵਿਚਾਰਾਂ ਕੀਤੀਆਂ। ਦੋਵਾਂ ਸੰਸਦ ਮੈਂਬਰਾਂ ਨੇ ਜ਼ੋਰ ਦੇ ਕਿ ਕਿਹਾ ਕਿ ਸਰਕਾਰ ਵੱਲੋਂ ਖਰਚੇ ਗਏ ਪੈਸੇ ਦਾ ਲਾਭ ਆਮ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਇਸ ਪੈਸੇ ਦੀ ਦੁਰਵਰਤੋਂ ਬਰਾਦਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਸ. ਔਜਲਾ ਨੇ ਇਹ ਵੀ ਹਦਾਇਤ ਕੀਤੀ ਕਿ ਸ਼ਹਿਰ ਵਿਚ ਪੀਣ ਵਾਲੇ ਪਾਣੀ ਲਈ ਕੀਤੇ ਗਏ ਬੋਰਾਂ ਦੀ ਡੂੰਘਾਈ ਦੀ ਜਾਂਚ ਕੀਤੀ ਜਾਵੇ। ਉਨਾਂ ਤੁੰਗ ਢਾਬ ਵਿਚ ਪੈਂਦੇ ਗੰਦੇ ਪਾਣੀ ਦਾ ਸਥਾਈ ਹੱਲ ਕਰਨ ਲਈ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਢਾਬ ਵਿਚ ਪਾਣੀ ਸੁੱਟਣ ਵਾਲੀਆਂ ਸਾਰੀਆਂ ਇਕਾਈਆਂ ਦੇ ਪਾਣੀ ਦੀ ਅਚਨਚੇਤ ਜਾਂਚ ਕਰਨ ਤਾਂ ਜੋ ਪਾਣੀ ਵਿਚ ਜ਼ਹਿਰ ਘੋਲਣ ਵਾਲੇ ਲੋਕਾਂ ਦਾ ਪਤਾ ਲਗਾ ਕੇ ਉਨਾਂ ਨੂੰ ਬਣਦੀ ਸਜ਼ਾ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਅੰਮ੍ਰਿਤਸਰ ਦੇ ਬਾਹਰਵਾਰ ਚੱਲ ਰਹੀਆਂ ਡਰੇਨਾਂ ਜੋ ਕਿ ਹੁਣ ਗੰਦੇ ਨਾਲੇ ਵਿੱਚ ਬਦਲ ਚੁੱਕੀਆਂ ਹਨ, ਵਿਚ ਤੇਜ਼ਾਬੀ ਪਾਣੀ ਵਹਿ ਰਿਹਾ ਹੈ, ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਉਨਾਂ ਕਿਹਾ ਕਿ ਗੰਦੇ ਪਾਣੀ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੱਡੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜਿਸ ਨੂੰ ਹੱਲ ਕਰਨ ਲਈ ਅਜਿਹੇ ਸਰੋਤਾਂ ਨੂੰ ਠੀਕ ਕਰਨਾ ਜ਼ਰੂਰੀ ਹੈ।
ਅੰਮ੍ਰਿਤਸਰ ਵਿੱਚ ਸਾਫ਼ ਸਫ਼ਾਈ ਦੀ ਮਾੜੀ ਹਾਲਤ ਉਤੇ ਦੁੱਖ ਪ੍ਰਗਟ ਕਰਦੇ ਸ. ਔਜਲਾ ਨੇ ਕਿਹਾ ਕਿ ਸ਼ਹਿਰ ਨੂੰ ਸੁਧਾਰਨ ਲਈ ਜ਼ਰੂਰੀ ਹੈ ਕਿ ਅੰਮ੍ਰਿਤਸਰ ਛਾਉਣੀ ਦੇ ਇਲਾਕੇ ਤੋਂ ਜਾਚ ਸਿੱਖੀ ਜਾਵੇ। ਉਨਾਂ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਨੂੰ ਕਿਹਾ ਕਿ ਉਹ ਇਸ ਮਾਡਲ ਨੂੰ ਅਪਣਾਉਣ ਅਤੇ ਅਜਿਹਾ ਤਜ਼ਰਬਾ ਇਕ-ਦੋ ਵਾਰਡਾਂ ਵਿੱਚ ਲਾਗੂ ਕੀਤਾ ਜਾਵੇ।
ਸ. ਡਿੰਪਾ ਨੇ ਅੰਮਿ੍ਰਤਸਰ ਤੇ ਜਲੰਧਰ ਸੜਕ ਉਤੇ ਚੱਲ ਰਹੇ ਮੁਰੰਮਤ ਦੇ ਕੰਮ ਨੂੰ ਠੀਕ ਢੰਗ ਨਾਲ ਵਿਉਂਤਣ ਦਾ ਸੱਦਾ ਦਿੰਦੇ ਹਦਾਇਤ ਕੀਤੀ ਕਿ ਇਹ ਕੰਮ ਲੋਕਾਂ ਦੀ ਆਵਾਜਾਈ ਨੂੰ ਨਾ ਪ੍ਰਭਾਵਿਤ ਕਰੇ। ਉਨਾਂ ਦੱਸਿਆ ਕਿ ਰਈਆ, ਜੰਡਿਆਲਾ ਗੁਰੂ ਵਿਖੇ ਬਣੇ ਪੁਲਾਂ ਦੀ ਮੁੜ ਉਸਾਰੀ ਸਥਾਨਕ ਲੋੜਾਂ ਨੂੰ ਧਿਆਨ ਵਿਚ ਰੱਖਕੇ ਕੀਤੀ ਜਾਣੀ ਹੈ, ਜੋ ਕਿ ਕਾਈ ਸਮਾਂ ਲੈ ਸਕਦੀ ਹੈ। ਇਸ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਲਈ ਸਥਾਨਕ ਪੁਲਿਸ ਤੇ ਜੰਡਿਆਲਾ, ਰਈਆ ਵਰਗੇ ਕਸਬਿਆਂ ਦੀਆਂ ਨਗਰ ਕੌਸਲਾਂ ਨਾਲ ਮੀਟਿੰਗ ਕਰਕੇ ਢੁੱਕਵੇਂ ਬਦਲਵੇਂ ਪ੍ਰਬੰਧ ਕੀਤੇ ਜਾਣ।
ਸ: ਔਜਲਾ ਨੇ ਇਸ ਮੌਕੇ ਜਲ ਸਪਲਾਈ, ਸਮਾਰਟ ਸਿਟੀ, ਪ੍ਰਧਾਨ ਮੰਤਰੀ ਹਾਊਸਿੰਗ ਯੋਜਨਾ, ਆਯੂਸ਼ਮਾਨ ਭਾਰਤ ਸਕੀਮ, ਸਿੱਖਿਆ ਸੰਸਥਾਵਾਂ ਦੀਆਂ ਸਕੀਮਾਂ, ਪੰਚਾਇਤੀ ਫੰਡਾਂ ਦੀ ਵਰਤੋਂ, ਸਾਲਿਡ ਵੇਸਟ ਮੈਨਜਮੈਂਟ ਆਦਿ ਯੋਜਨਾਵਾਂ ਦੀ ਸਮੀਖਿਆ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਹਾਜ਼ਰ ਜਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਨਾਉਣ ਕਿ ਉਨਾਂ ਦੇ ਦਫਤਰ ਵਿਚ ਕੰਮ ਕਰਦਾ ਕੋਈ ਵੀ ਕਰਮਚਾਰੀ ਕੋਰੋਨਾ ਵੈਕਸੀਨ ਤੋਂ ਵਾਂਝਾ ਨਾ ਰਹੇ। ਉਨਾਂ ਕਿਹਾ ਕਿ ਹਰੇਕ ਕਰਮਚਾਰੀ ਦਾ ਰੋਜ਼ਾਨਾ ਕਈ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਹੈ, ਇਸ ਲਈ ਜਰੂਰੀ ਹੈ ਕਿ ਕਰੋਨਾ ਦੀ ਤੀਸਰੀ ਲਹਿਰ ਨੂੰ ਰੋਕਣ ਲਈ ਵੱਧ ਤੋਂ ਵੱਧ ਟੀਕਾਕਰਨ ਕੀਤਾ ਜਾਵੇ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਐਸ ਪੀ ਸ੍ਰੀ ਗੌਰਵ ਤੂਰਾ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਐਸ ਈ ਜਤਿੰਦਰ ਸਿੰਘ ਤੇ ਗੁਰਸ਼ਰਨ ਸਿੰਘ ਖਹਿਰਾ, ਐਕਸੀਅਨ ਸ. ਗੁਰਦੇਵ ਸਿੰਘ ਕੰਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ। ਨਾਲ ਹਨ ਲੋਕ ਸਭਾ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਤੇ ਹੋਰ ਅਧਿਕਾਰੀ।