ਔਰਤਾਂ ਖਿਲਾਫ਼ ਜ਼ੁਰਮਾਂ ਨੂੰ ਨੱਥ ਪਾਉਣ ਲਈ ਜ਼ਿਲਾ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲੇ-ਐਸ. ਐਸ. ਪੀ

Sorry, this news is not available in your requested language. Please see here.

ਮਹਿਲਾ ਮਿੱਤਰਾਂ ਨੂੰ ਲਗਨ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
ਨਵਾਂਸ਼ਹਿਰ, 23 ਜੂਨ 2021
ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਕਿਹਾ ਕਿ ਜ਼ਿਲਾ ਪੁਲਿਸ ਵੱਲੋਂ ਔਰਤਾਂ ਖਿਲਾਫ਼ ਜ਼ੁਰਮਾਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸ ਤਹਿਤ ਮਹਿਲਾ ਮਿੱਤਰਾਂ ਦੀ ਤਾਇਨਾਤੀ ਕੀਤੀ ਗਈ ਹੈ। ਅੱਜ ਇਥੇ ਪੰਜਾਬ ਪੁਲਿਸ ਮਹਿਲਾ ਮਿੱਤਰ ਕਰਮੀਆਂ ਨਾਲ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਜ਼ਿਲੇ ਵਿਚ ਤਾਇਨਾਤ ਮਹਿਲਾ ਮਿੱਤਰਾਂ ਦੇ ਕੰਮ ਦੀ ਦੇਖ-ਰੇਖ ਲਈ ਲੇਡੀ ਸਬ ਇੰਸਪੈਕਟਰ ਨੀਲਮ ਕੁਮਾਰੀ ਨੂੰ ਬਤੌਰ ਇੰਚਾਰਜ ਤਾਇਨਾਤ ਕੀਤਾ ਗਿਆ ਹੈ। ਉਨਾਂ ਮਹਿਲਾ ਮਿੱਤਰਾਂ ਨੂੰ ਆਪਣੀ ਡਿਊਟੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਤਾਕੀਦ ਕਰਦਿਆਂ ਉਨਾਂ ਨੂੰ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਫੌਰਨ ਹੱਲ ਕਰਨ ਦੀ ਹਦਾਇਤ ਕੀਤੀ। ਉਨਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ’ਤੇ ਹੋ ਰਹੇ ਜ਼ੁਰਮਾਂ ’ਤੇ ਕਾਬੂ ਪਾਉਣ ਲਈ ਵਧੀਕ ਡਾਇਰੈਕਟਰ ਜਨਰਲ ਪੁਲਿਸ (ਕਮਿਊਨਿਟੀ ਅਫੇਅਰਜ਼) ਚੰਡੀਗੜ ਗੁਰਪ੍ਰੀਤ ਦਿਓ ਵੱਲੋਂ ਮਹਿਲਾ ਮਿੱਤਰ ਵਿੰਗ ਸ਼ੁਰੂ ਕਰਵਾਇਆ ਗਿਆ ਹੈ, ਜਿਸ ਅਧੀਨ ਹਰੇਕ ਥਾਣੇ ਵਿਚ ਦੋ-ਦੋ ਮਹਿਲਾ ਕਰਮਚਾਰੀ ਤਾਇਨਾਤ ਕੀਤੀਆਂ ਗਈਆਂ ਹਨ, ਜੋ ਔਰਤਾਂ ਨਾਲ ਸਬੰਧਤ ਸ਼ਿਕਾਇਤਾਂ ਸੁਣਦੀਆਂ ਹਨ। ਉਨਾਂ ਕਿਹਾ ਕਿ ਔਰਤਾਂ ਦੀ ਸਹੂਲਤ ਲਈ ਪੰਜਾਬ ਪੁਲਿਸ ਵੱਲੋਂ ਹੈਲਪ ਲਾਈਨ ਨੰਬਰ 181, 112 ਅਤੇ 1091 ਜਾਰੀ ਕੀਤੇ ਹੋਏ ਹਨ। ਉਨਾਂ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਤਕਲੀਫ ਹੋਵੇ ਤਾਂ ਪੁਲਿਸ ਵੱਲੋਂ ਜਾਰੀ ਕੀਤੇ ਇਨਾਂ ਹੈਲਪ ਲਾਈਨ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ. ਪੀ (ਹੈੱਡ ਕੁਆਰਟਰ) ਮਨਵਿੰਦਰ ਬੀਰ ਸਿੰਘ, ਡੀ. ਐਸ. ਪੀ ਨਵਨੀਤ ਕੌਰ ਗਿੱਲ ਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।
ਮਹਿਲਾ ਮਿੱਤਰਾਂ ਨਾਲ ਮੀਟਿੰਗ ਕਰਦੇ ਹੋਏ ਜ਼ਿਲਾ ਪੁਲਿਸ ਕਪਤਾਨ ਅਲਕਾ ਮੀਨਾ। ਨਾਲ ਹਨ ਐਸ. ਪੀ ਮਨਵਿੰਦਰ ਬੀਰ ਸਿੰਘ, ਡੀ. ਐਸ. ਪੀ ਨਵਨੀਤ ਕੌਰ ਗਿੱਲ ਤੇ ਹੋਰ।

Spread the love