ਗਰੀਬ ਤਬਕੇ ਦੇ ਲੋਕਾਂ ਨੂੰ ਕੀਤੀ ਗਈ ਕਣਕ ਦੀ ਵੰਡ
ਫਾਜ਼ਿਲਕਾ, 13 ਜੂਨ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਕਰੋਨਾ ਤੋਂ ਬਚਾਅ ਲਈ ਜ਼ਿਲ੍ਹੇ ਦੀ ਸਬ-ਡਵੀਜ਼ਨ ਫਾਜ਼ਿਲਕਾ ਵਿੱਚ ਵੱਖ-ਵੱਖ ਥਾਵਾਂ `ਤੇ ਕਰੋਨਾ ਟੈਸਟਿੰਗ ਅਤੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਗਰੀਬ ਲੋਕਾਂ ਨੂੰ ਇਸ ਕਰੋਨਾ ਮਹਾਮਾਰੀ ਦੌਰਾਨ ਕਣਕ ਦੀ ਵੰਡ ਵੀ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਖਾਣ-ਪੀਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਐਸ.ਡੀ.ਐਮ ਸ੍ਰੀ ਗੋਇਲ ਨੇ ਕਿਹਾ ਕਿ ਅੱਜ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਸੈਂਪਲਿੰਗ ਕੈਂਪ ਲਗਾਇਆ ਗਿਆ ਅਤੇ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਫਾਜ਼ਿਲਕਾ, ਰਾਧਾ ਸੁਆਮੀ ਸਤਸੰਗ ਘਰ ਫਾਜ਼ਿਲਕਾ, ਡੇਰਾ ਸੱਚਾ ਸੌਦਾ ਫਾਜ਼ਿਲਕਾ ਅਤੇ ਸਵਾਮੀ ਵਿਵੇਕਾਨੰਦ ਆਈ.ਟੀ.ਆਈ.ਵਿਖੇ ਵੈਕਸੀਲੇਸ਼ਨ ਕੈਂਪ ਲਗਾਇਆ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੜਾਅ ਵਾਰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਯੋਗ ਵਿਅਕਤੀ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ ਤੇ ਵੈਕਸੀਨੇਸ਼ਨ ਕਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਕਾਰਗਰ ਸਿੱਧ ਹੋ ਰਹੀ ਹੈ।ਐਸ.ਡੀ.ਐਮ. ਸ੍ਰੀ ਗੋਇਲ ਨੇ ਕਿਹਾ ਕਿ ਕੈਂਪ ਲਗਾਉਣ ਦਾ ਮੰਤਵ ਕਰੋਨਾ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੈਸਟਿੰਗ ਹੋਣ ਨਾਲ ਇਸ ਦਾ ਫੈਲਾਅ ਰੁਕ ਜਾਂਦਾ ਹੈ ਤੇ ਇਸ ਦਾ ਖਤਰਾ ਵੀ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਸਮੇਂ ਸਿਰ ਟੈਸਟਿੰਗ ਜ਼ਰੂਰੀ ਹੈ ਉਥੇ ਵੈਕਸੀਨੇਸ਼ਨ ਵੀ ਬਹੁਤ ਲਾਜਮੀ ਹੈ।
ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਗਰੀਬ ਲੋਕਾਂ ਲਈ ਸਰਕਾਰ ਬਹੁਤ ਕੁੱਝ ਸੋਚ ਰਹੀ ਹੈ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਡੱਬਵਾਲਾ ਕਲਾ, ਅਭੁੰਨ, ਆਸਫਵਾਲਾ, ਘੜੂੰਮੀ, ਦਾਬਨ ਕੇ, ਅਰਨੀਵਾਲਾ, ਫਾਜ਼ਿਲਕਾ ਸ਼ਹਿਰ, ਚਾਹਲਾ ਵਾਲੀ ਅਤੇ ਭਾਗੇ ਵਾਲਾ ਵਿਖੇ ਗਰੀਬ ਪਰਿਵਾਰਾਂ ਨੂੰ ਕਣਕ ਦੀ ਵੰਡ ਕੀਤੀ ਗਈ।