ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਵੱਲੋਂ ਨਵੀਆਂ ਹਦਾਇਤਾਂ ਜਾਰੀ

Sorry, this news is not available in your requested language. Please see here.

ਬਰਨਾਲਾ, 27 ਅਪਰੈਲ
ਰਾਜ ਵਿੱਚ ਕੋਵਿਡ-19 ਦੇ ਵੱਧ ਰਹੇ ਫੈਲਾਅ ਦੇ ਮੱਦੇਨਜਰ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-2 ਸ਼ਾਖਾ) ਵੱਲੋਂ ਨਵੀਆਂ ਹਦਾਇਤਾਂ ਜਾਰੀ ਹੋਈਆਂ ਹਨ। ਇਸ ਤਹਿਤ ਜ਼ਿਲਾ ਮੈਜਿਸਟਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰੰਘ ਫੂਲਕਾ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਨਾਂ ਹੁਕਮਾਂ ਤਹਿਤ ਸਮੂਹ ਦੁਕਾਨਾਂ ਸਮੇਤ ਜਿਹੜੀਆਂ ਦੁਕਾਨਾਂ ਮਾਲਜ਼ ਅਤੇ ਮਲਟੀਪਲੈਕਸ ਵਿੱਚ ਹਨ, ਹਰ ਰੋਜ਼ ਸ਼ਾਮ 5 ਵਜੇ ਤੱਕ ਬੰਦ ਕਰਨੀਆਂ ਲਾਜ਼ਮੀ ਹੋਣਗੀਆਂ। ਸਿਰਫ ਰੈਸਟੋਰੈਂਟ/ਹੋਟਲ/ਢਾਬਿਆਂ ਨੂੰ ਹੋਮ ਡਲਿਵਰੀ ਰਾਤ 9 ਵਜੇ ਤੱਕ ਕਰਨ ਦੀ ਆਗਿਆ ਹੋਵੇਗੀ। ਹਰ ਰੋਜ਼ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ। ਇਸ ਦੌਰਾਨ ਗੈਰ ਜ਼ਰੂਰੀ ਗਤੀਵਿਧੀਆਂ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ। ਹਰ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹਫਤਾਵਰੀ ਲਾਕਡਾਊਨ ਲਾਗੂ ਹੋਵੇਗਾ, ਜਿਸ ਵਿੱਚ ਸਿਰਫ ਜ਼ਰੂਰੀ ਗਤੀਵਿਧੀਆਂ ਨਾਲ ਸਬੰਧਤ ਕੰਮਾਂ ਨੂੰ ਛੋਟ ਹੋਵੇਗੀ।
ਸਾਰੇ ਪ੍ਰਾਈਵੇਟ ਦਫ਼ਤਰਾਂ ਸਮੇਤ ਸੇਵਾ ਉਦਯੋਗ (ਸਰਵਿਸ ਇੰਡਸਟਰੀ) ਨੂੰ ਸਿਰਫ ਘਰ ਤੋਂ ਹੀ ਕੰਮ ਕਰਨ ਦੀ ਆਗਿਆ ਹੋਵੇਗੀ।
ਲੋਕਾਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਨਿਮਨਲਿਖਤ ਜ਼ਰੂਰੀ ਗਤੀਵਿਧੀਆਂ ਨੂੰ ਉਪਰੋਕਤ ਕਰਫਿਊ ਸਮੇਂ ਦੌਰਾਨ ਛੋਟ ਹੋਵੇਗੀ:-
ਕੈਮਸਿਟ/ਲੋਬੈਰੇਟਰੀ/ਸਕੈਨ ਸੈਂਟਰ ਦੀਆਂ ਦੁਕਾਨਾਂ ਨੂੰ ਖੁੱਲਣ ਦੀ ਆਗਿਆ ਹੋਵੇਗੀ। ਹਰ ਸ਼ਨੀਵਾਰ ਅਤੇ ਐਤਵਾਰ ਨੂੰ ਦੁੱਧ ਦੀ ਡੇਅਰੀ, ਡੇਅਰੀ ਉਤਪਾਦ, ਸਬਜ਼ੀਆਂ ਦੀਆਂ ਦੁਕਾਨਾਂ ਅਤੇ ਫਲਾਂ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲਣ ਦੀ ਆਗਿਆ ਹੋਵੇਗੀ।  ਦੋਧੀਆਂ ਨੂੰ ਦੁੱਧ ਦੀ ਢੋਆ-ਢੋਆਈ ਦੀ ਆਗਿਆ ਹੋਵੇਗੀ। ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਨੈਸ਼ਨਲ ਹਾਈਵੇਜ਼ ’ਤੇ ਸਥਿਤ ਸਮੂਹ ਪੈਟਰੋਲ ਪੰਪ ਖੁੱਲੇ ਰਹਿਣਗੇ।
ਨਿਰਮਾਣ ਉਦਯੋਗ/ਫੈਕਟਰੀਆਂ ਆਦਿ ਵਿੱਚ ਕੰਮ ਰਹੇ ਕਰਮਚਾਰੀਆਂ/ਲੇਬਰ ਆਦਿ ਨੂੰ ਆਪਣੀ-ਆਪਣੀ ਫੈਕਟਰੀ ਵਿਖੇ ਕੰਮ ’ਤੇ ਆਉਣ-ਜਾਣ ਦੀ ਆਗਿਆ ਹੋਵੇਗੀ।  ਇਸ ਤੋਂ ਇਲਾਵਾ ਕਰਮਚਾਰੀਆਂ/ਲੇਬਰ ਨੂੰ ਲਿਆਉਣ/ਛੱਡਣ ਲਈ ਵਹੀਕਲ ਦੀ ਵਰਤੋਂ ਕਰਨ ਦੀ ਆਗਿਆ ਹੋਵੇਗੀ ਪਰ ਸਬੰਧਤ ਉਦਯੋਗਕ ਪ੍ਰਬੰਧਕਾਂ ਵੱਲੋਂ ਲੋੜੀਂਦੀ ਮਨਜ਼ੂਰੀ ਦੇਣੀ ਲਾਜ਼ਮੀ ਹੋਵੇਗੀ। ਜਹਾਜ਼, ਰੇਲ ਗੱਡੀਆਂ ਤੇ ਬੱਸਾਂ ਆਦਿ ਰਾਹੀਂ ਯਾਤਰੀਆਂ ਨੂੰ  ਆਉਣ-ਜਾਣ ਦੀ ਆਗਿਆ ਹੋਵੇਗੀ। ਪਿੰਡਾਂ ਅਤੇ ਸ਼ਹਿਰਾਂ ਵਿੱਚ ਉਸਾਰੀ ਦੇ ਕੰਮ ਕਰਨ ਦੀ ਆਗਿਆ ਹੋਵੇਗੀ। ਖੇਤੀਬਾੜੀ ਨਾਲ ਸਬੰਧਤ ਕੰਮ ਸਮੇਤ ਕਣਕ ਦੀ ਖਰੀਦ ਸਬੰਧੀ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਨਾਲ ਸਬੰਧਤ ਗਤੀਵਿਧੀਆਂ ਨੂੰ ਆਗਿਆ ਹੋਵੇਗੀ। ਈ-ਕਾਮਰਸ ਅਤੇ ਮਾਲ (ਗੁੱਡਜ਼) ਨਾਲ ਸਬੰਧਤ ਆਵਾਜਾਈ ਨੂੰ ਆਗਿਆ ਹੋਵੇਗੀ। ਵੈਕਸੀਨੇਸ਼ਨ ਸਬੰਧੀ ਕੈਂਪ ਲਗਾਏ ਜਾਣ ਦੀ ਆਗਿਆ ਹੋਵੇਗੀ।
ਹੁਕਮਾਂ ਵਿਚ ਕਿਹਾ ਗਿਆ ਕਿ ਕੋਵਿਡ-19 ਸਬੰਧੀ ਐਮ.ਐਚ.ਏ. ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਬਾਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਸੀਮਿਤ ਰੱਖਣਾ, ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ’ਤੇ ਥੁੱਕਣ ਦੀ ਮਨਾਹੀ ਆਦਿ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਉਕਤ ਹਦਾਇਤਾਂ ਤੋਂ ਇਲਾਵਾ ਹੁਕਮ ਨੰਬਰ:165/ਐਮ.ਏ. ਮਿਤੀ 20-04-2021 ਰਾਹੀਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਪਹਿਲਾਂ ਦੀ ਤਰਾਂ ਲਾਗੂ ਰਹਿਣਗੀਆਂ। ਉਕਤ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Spread the love