ਕਿਸਾਨ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ

Sorry, this news is not available in your requested language. Please see here.

ਤਪਾ/ਸ਼ਹਿਣਾ, 23 ਅਗਸਤ 2024

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਦੀ ਅਗਵਾਈ ’ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਸ਼ਹਿਣਾ ਵੱਲੋਂ ਪਿੰਡ ਘੁੰਨਸ ਵਿਖੇ ਸੀ.ਆਰ.ਐੱਮ. ਸਕੀਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ’ਚ ਵਾਤਾਵਰਨ ਸੰਭਾਲ ਤੇ ਪਰਾਲੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਏ.ਡੀ.ਓ. ਸ਼ਹਿਣਾ ਡਾ. ਗੁਰਮੀਤ ਸਿੰਘ ਨੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਕੀ-ਕੀ ਨੁਕਸਾਨ ਹੁੰਦੇ ਹਨ। ਜ਼ਮੀਨ ਤੇ ਲੋਕਾਂ ਦੀ ਸਿਹਤ ਉੱਪਰ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਇਸ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀਆਂ ਫਸਲਾਂ ਉੱਪਰ ਹੋਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਵੀ ਜਾਣਕਾਰੀ ਦਿੱਤੀ। ਏ.ਡੀ.ਓ ਪੱਖੋਕੇ ਡਾ. ਨਵਜੀਤ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਫਸਲ ਉੱਪਰ ਸਿਫਾਰਿਸ਼ ਕੀਤੀਆਂ ਦਵਾਈਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬਾਸਮਤੀ ਝੋਨੇ ਦਾ ਸਹੀ ਮੁੱਲ ਮਿਲ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੀ ਵਰਤੋਂ ’ਚ ਆਉਣ ਵਾਲੀ ਹਰ ਸਾਮਾਨ ਦਾ ਪੱਕਾ ਬਿੱਲ ਕਿਸਾਨ ਜਰੂਰ ਲੈਣ ਤਾਂ ਜੋ ਬਾਜ਼ਾਰ ’ਚ ਅਣ-ਅਧਿਕਾਰਿਤ ਸਮਾਨ ਵੇਚਣ ਵਾਲੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਕੈਂਪ ਦੌਰਾਨ ਪੀ.ਏ.ਯੂ. ਯੂਨੀਵਰਸਿਟੀ ਵੱਲੋਂ ਆਰਜੀ ਆਰ ਸੈਲ ਸਕੀਮ ਤਹਿਤ ਫੀਲਡ ਅਫ਼ਸਰ ਆਗਿਆਜੀਤ ਸਿੰਘ ਨੇ ਝੋਨੇ ’ਚ ਪਾਣੀ ਦੀ ਸੁਚੱਜੀ ਵਰਤੋ ਬਾਰੇ ਜਾਣਕਾਰੀ ਦਿੱਤੀ। ਏ.ਐੱਸ.ਆਈ. ਮੱਖਣ ਲਾਲ ਨੇ ਕਿਸਾਨਾਂ ਨੂੰ ਮੌਜੂਦਾ ਫਸਲਾਂ ਝੋਨਾ, ਨਰਮਾ ਆਦਿ ਸਬੰਧੀ ਜਾਣਕਾਰੀ ਦਿੱਤੀ। ਵਿਭਾਗ ਵੱਲੋਂ ਕਿਸਾਨਾਂ ਨੂੰ ਬਾਸਮਤੀ ’ਤੇ ਪਾਬੰਦੀਸ਼ੁਦਾ 10 ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਸਹਾਇਕ ਟੈਕਨੋਲਜੀ ਮੈਨੇਜਰ ਦੀਪਕ ਕੁਮਾਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਾਤਾਵਰਨ ਦੀ ਸ਼ੁੱਧਤਾ ਲਈ ਵੱਡੇ ਪੱਧਰ ਉੱਪਰ ਬੂਟੇ ਵੰਡ ਰਿਹਾ ਹੈ ਤੇ ਲਗਵਾ ਵੀ ਰਿਹਾ ਹੈ। ਇਸ ਮੌਕੇ ਬੇਲਦਾਰ ਤਵਲੀਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।