ਦੇਸ਼ ਭਰ ਵਿਚੋਂ ਪੰਜਾਬ ਨੇ ਸਿੱਖਿਆ ਦੇ ਖੇਤਰ ਵਿਚ ਪਹਿਲਾ ਸਥਾਨ ਹਾਸਲ ਕੀਤਾ
ਗੁਰਦਾਸਪੁਰ ਜ਼ਿਲੇ ਦੇ ਸਕੂਲ ਅਤਿ ਆਧਨਿਕ ਸਹੂਲਤਾਂ ਨਾਲ ਲੈੱਸ-ਸਰਕਾਰੀ ਸਕੂਲਾਂ ਵਿਚ 11.04 ਫੀਸਦ ਵਿਦਿਆਰਥੀਆਂ ਦਾ ਦਾਖਲਾ ਵਧਿਆ
ਗੁਰਦਾਸਪੁਰ, 10 ਜੂਨ 2021 ਦੇਸ਼ ਭਰ ਵਿਚੋਂ ਪੰਜਾਬ ਵਲੋਂ ਸਿੱਖਿਆ ਦੇ ਖੇਤਰ ਵਿਚ ਪਹਿਲੇ ਸਥਾਨ ਹਾਸਲ ਕਰਨ ਅਤੇ ਸਿੱਖਿਆ ਦੇ ਮਿਆਰ ਵਿਚ ਕੀਰਤੀਮਾਨ ਸਥਾਪਤ ਕਰਨ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਅਧਿਆਪਕਾਂ ਨਾਲ ਵੀਡੀਓ ਕਾਨਫਰੰਸ ਕਰਕੇ ਵਧਾਈ ਦਿੱਤੀ ਤੇ ਸਿੱਖਿਆ ਵਿਭਾਗ ਵਲੋਂ ਮਾਰੀਆਂ ਗਈਆਂ ਮੱਲਾਂ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਦੇ ਸਬੰਧ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬਲਰਾਜ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਗੁਰਦਾਸਪੁਰ. ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲ੍ਹਾ ਸਿੱਖਿਆ ਅਫਸਰ (ਸ), ਲਖਵਿੰਦਰ ਸਿੰਘ ਡਿਪਟੀ ਡੀਈਓ (ਸ), ਮੀਡੀਆ ਕੁਆਰਡੀਨੇਟਰ ਗਗਨਜੀਤ ਸਿੰਘ ਵੀ ਮੋਜੂਦ ਸਨ। ਇਸ ਮੌਕੇ ਸਰਕਾਰੀ ਹਾਈ ਸਕੂਲ, ਸੁਕਰਪੁਰਾ (ਬਟਾਲਾ) ਦੀ ਅਧਿਅਆਪਕਾ ਸ੍ਰੀਮਤੀ ਰਜਨੀ ਸੋਢੀ ਵਲੋਂ ਲਾਈਵ ਵੀਡੀਓ ਕਾਨਫੰਰਸ ਜਰੀਏ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਦਿਆਂ ਜਿਲੇ ਗੁਰਦਾਸਪੁਰ ਅੰਦਰ ਸਿੱਖਿਆ ਦੇ ਖੇਤਰ ਵਿਚ ਪੁੱਟੀਆਂ ਗਈਆਂ ਪੁਲਾਘਾਂ ਦਾ ਜ਼ਿਕਰ ਕੀਤਾ ਗਿਆ।
ਇਸ ਮੌੇਕੇ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋ ਵੀਡੀਓ ਕਾਨਫਰੰਸ ਜਰੀਏ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਪੰਜਾਬ ਵਲੋਂ ਭਾਰਤ ਦਾ ਨੰਬਰ ਇੱਕ ਸੂਬਾ ਬਣਿਆ ਹੈ, ਜਿਸ ਲਈ ਸਿੱਖਿਆ ਵਿਭਾਗ ਵਧਾਈ ਦਾ ਹੱਕਦਾਰ ਹੈ। ਕੇਂਦਰ ਸਰਕਾਰ ਵਲੋਂ ਸਕੂਲ ਸਿੱਖਿਆ ਖੇਤਰ ਵਿਚ ਕੀਤੀ ਤਾਜਾ ਦਰਜਾਬੰਦੀ (ਪਰਫਾਰਮੈਂਸ ਗਰੇਡਿੰਗ ਇੰਡੈਕਸ) ਤਹਿਤ ਦੇਸ਼ ਭਰ ਵਿਚੋਂ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਪੰਜਾਬ ਸਰਕਾਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵਲੋਂ ਪਿਛਲੇ ਚਾਰ ਸਾਲਾਂ ਤੋਂ ਕੀਤੇ ਗਏ ਸਰਬਪੱਖੀ ਵਿਕਾਸ ਕਾਰ ਸੰਭਵ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਅੰਦਰ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਮੁੱਢਲੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਸਦਕਾ ਸਿੱਖਿਆ ਵਿਭਾਗ ਨੇ ਮਾਣਮੱਤੀ ਪੁਜ਼ੀਸ਼ਨ ਹਾਸਲ ਕੀਤੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਲਈ ਸਮਾਰਟ ਮੋਬਾਇਲ ਫੋਨ ਵੰਡੇ ਗਏ ਅਤੇ ਸਕੂਲਾਂ ਅੰਦਰ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਜਿਸ ਸਦਕਾ ਸਕੂਲਾਂ ਵਿਚ ਬੱਚਿਆਂ ਦਾ ਦਾਖਲਾ ਵਧਿਆ ਹੈ।
ਇਸ ਮੋਕੇ ਗੱਲਬਾਤ ਕਰਦਿਆਂ ਜ਼ਿਲਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਾਵਾਲੀਆਂ ਨੇ ਦੱਸਿਆ ਕਿ ਜਿਲੇ ਅੰਦਰ 95 ਫੀਸਦ ਸਕੂਲ ਸਮਾਰਟ ਸਕੂਲ ਬਣ ਗਏ ਹਨ ਅਤੇ ਬਾਕੀ ਸਕੂਲ ਵੀ ਜਲਦ ਸਮਾਰਟ ਸਕੂਲ ਬਣ ਜਾਣਗੇ। ਉਨਾਂ ਦੱਸਿਆ ਕਿ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਸਕੂਲਾਂ ਵਿਚ ਸਾਫ ਸੁਥਰੇ ਕਮਰੇ, ਪ੍ਰੋਜੈਕਟਰ, ਐਲ.ਈ.ਡੀ. ਲਾਇਬ੍ਰੇਰੀ, ਸੁੰਦਰ ਪਾਰਕ, ਖੇਡ ਦੇ ਮੈਦਾਨ ਅਤੇ ਚਾਰਦੀਵਾਰੀ ਆਦਿ ਵਰਗੀਆਂ ਸਹੂਲਤਾਂ ਮੋਜੂਦ ਹਨ ਅਤੋ ਸਕੂਲਾਂ ਵਿਚ 11.04 ਫੀਸਦ ਵਿਦਿਆਰਥੀਆਂ ਦੇ ਦਾਖਲੇ ਵਿਚ ਵਾਧਾ ਹੋਇਆ ਹੈ। ਉਨਾਂ ਅੱਗੇ ਦੱਸਿਆ ਕਿ ਕੋਵਿਡ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਨ ਵਿਚ ਕੋਈ ਮੁਸ਼ਕਿਲ ਪੇਸ਼ ਨਾਲ ਆਵੇ, ਦੇ ਮਕਸਦ ਨਾਲ 12 ਹਜਾਰ 684 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ ਹਨ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਮਾਪਿਆਂ ਦਾ ਯਕੀਨ ਵੱਧਿਆ ਹੈ, ਜੋ ਭਵਿੱਖ ਲਈ ਵਧੀਆ ਸੰਕੇਤ ਹੈ।