ਸਰਕਾਰ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨ ਦੇ ਚਾਹਵਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਸਬੰਧੀ ਕਰਵਾਇਆ ਜਾਣੂ
ਨਾਭਾ/ਪਟਿਆਲਾ, 12 ਜੁਲਾਈ 2021
ਕੌਮੀ ਮੱਛੀ ਪਾਲਕ ਦਿਵਸ ‘ਤੇ ਸਰਕਾਰੀ ਮੱਛੀ ਪੂੰਗ ਫਾਰਮ ਬੀੜ ਦੌਸਾਂਝ ਨਾਭਾ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਦੇ ਅਗਾਂਹਵਧੂ ਮੱਛੀ ਕਾਸ਼ਤਕਾਰਾਂ ਨੇ ਭਾਗ ਲੈਕੇ ਆਪਣੇ ਤਜਰਬੇ ਸਾਂਝੇ ਕੀਤੇ।
ਇਸ ਦਿਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਪਵਨ ਕੁਮਾਰ ਨੇ ਦੱਸਿਆ ਕਿ 10 ਜੁਲਾਈ 1957 ਨੂੰ ਦੋ ਭਾਰਤੀ ਵਿਗਿਆਨੀਆਂ ਡਾ. ਹੀਰਾ ਲਾਲ ਚੌਧਰੀ ਅਤੇ ਡਾਕਟਰ ਕੇ.ਐਚ. ਏਲਕੁਨੀ ਨੇ ਮੱਛੀਆਂ ਵਿੱਚ ਇੰਡਿਊਸਡ ਬਰੀਡਿੰਗ ਤਕਨੀਕ ਦੀ ਖੋਜ ਕੀਤੀ ਸੀ ਉਨ੍ਹਾਂ ਦੀ ਯਾਦ ਵਿੱਚ ਹੀ ਇਹ ਦਿਵਸ ਮਨਾਇਆ ਜਾਂਦਾ ਹੈ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਪਵਨ ਕੁਮਾਰ ਨੇ ਇਸ ਕਿੱਤੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾ ਕਿ ਕਿਸਾਨ ਆਪਣੀ ਆਮਦਨ ਨੂੰ ਦੁੱਗਣਾ ਕਰ ਸਕਦੇ ਹਨ ਅਤੇ ਮੱਛੀ ਪਾਲਣ ਦੇ ਕਿੱਤੇ ਦੇ ਨਾਲ ਮੱਛੀ ਤਲਾਬ ਦੇ ਬੰਨਾਂ ‘ਤੇ ਸਬਜ਼ੀਆਂ ਦੀ ਕਾਸ਼ਤ ਕਰ ਕੇ ਵਧੇਰੇ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ।
ਇਸ ਮੌਕੇ ਕਿਸਾਨ ਵੱਲੋਂ ਮੱਛੀ ਪੂੰਗ ਫਾਰਮ ਤੇ ਮੱਛੀ ਪੂੰਗ ਦੀ ਪੈਦਾਵਾਰ ਦੀ ਤਕਨੀਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਸਮੇਂ ਮੱਛੀ ਪ੍ਰਸਾਰ ਅਫ਼ਸਰ ਗੁਰਜੀਤ ਸਿੰਘ ਮੱਛੀ ਵੱਲੋਂ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਕਾਂ ਨੂੰ ਦਿੱਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਪੀ.ਐਮ.ਐਮ.ਐਸ.ਵਾਈ ਸਕੀਮ ਅਧੀਨ ਆਉਂਦੇ ਸਾਰੇ ਪ੍ਰੋਜੈਕਟਾਂ ਜਿਵੇਂ ਕਿ ਬਾਇਓਫਲਾਕ ਯੂਨਿਟ, ਨਵੇਂ ਤਲਾਬਾਂ ਦੀ ਪੁਟਾਈ, ਮੋਟਰ ਸਾਈਕਲ ਸਮੇਤ ਆਈਸ ਬਾਕਸ ਅਤੇ ਰੀ-ਸਰਕੁਲੇਟਰੀ ਐਕਆਕਲਚਰ ਸਿਸਟਮ ਬਾਰੇ ਦੱਸਿਆ ਗਿਆ ਅਤੇ ਇਸ ‘ਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 40 ਫ਼ੀਸਦੀ ਜਨਰਲ ਵਰਗ ਲਈ ਅਤੇ 60 ਫ਼ੀਸਦੀ ਐਸ.ਸੀ./ਐਸ.ਸੀ./ਔਰਤਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਜੋ ਮੱਛੀ ਪਾਲਕ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਮੱਛੀ ਪਾਲਣ ਅਫ਼ਸਰ ਪਟਿਆਲਾ ਵੀਰਪਾਲ ਕੌਰ ਤੇ ਮੱਛੀ ਪਾਲਣ ਅਫ਼ਸਰ ਨਾਭਾ ਮਿਸ ਨਰਿੰਦਰ ਕੌਰ ਸਮੇਤ ਵੱਡੀ ਗਿਣਤੀ ਕਿਸਾਨ ਵੀ ਮੌਜੂਦ ਸਨ।