ਖਰੜ ’ਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ

Shaheed Kanshi Ram College of Physical Education
ਖਰੜ ’ਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ

Sorry, this news is not available in your requested language. Please see here.

ਐਸ ਡੀ ਐਮ ਗੁਰਮੰਦਰ ਸਿੰਘ ਵੱਲੋਂ ਕੀਤਾ ਗਿਆ ਰਸਮੀ ਉਦਘਾਟਨ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਤਰਫ਼ੋਂ ਖਿਡਾਰੀਆਂ ਲਈ ਸ਼ੁੱਭ ਇਛਾਵਾਂ ਲੈ ਕੇ ਪੁੱਜੇ ਜੋਧਾ ਸਿੰਘ ਮਾਨ

ਪਹਿਲੇ ਦਿਨ 700 ਦੇ ਕਰੀਬ ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ

ਖਰੜ (ਐਸ ਏ ਐਸ  ਨਗਰ), 2 ਸਤੰਬਰ, 2024

ਜ਼ਿਲ੍ਹੇ ’ਚ ਅੱਜ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਦੇ ਖਰੜ ਬਲਾਕ ਦੇ ਮੁਕਾਬਲੇ ਅੱਜ ਸ਼ਹੀਦ ਕਾਂਸ਼ੀ ਰਾਮ ਕਾਲਜ ਆਫ ਫਿਜ਼ੀਕਲ ਐਜੁਕੇਸ਼ਨ, ਭਾਗੋ ਮਾਜਰਾ ਵਿਖੇ ਸ਼ੁਰੂ ਹੋਏ। ਉਦਘਾਟਨੀ ਰਸਮ ਖਰੜ ਦੇ ਉਪ ਮੰਡਲ ਮੈਜਿਸਟ੍ਰੇਟ (ਐਸ ਡੀ ਐਮ) ਗੁਰਮੰਦਰ ਸਿੰਘ ਨੇ ਨਿਭਾਈ ਜਦਕਿ ਕੈਬਨਿਟ ਮੰਤਰੀ ਸ੍ਰੀਮਤੀ ਅਨਮੋਲ ਗਗਨ ਮਾਨ ਦੀ ਤਰਫ਼ੋਂ ਉਨ੍ਹਾਂ ਦੇ ਪਿਤਾ ਜੋਧਾ ਸਿੰਘ ਮਾਨ ਖਿਡਾਰੀਆਂ ਲਈ ਸ਼ੁੱਭ ਇਛਾਵਾਂ ਲੈ ਕੇ ਪੁੱਜੇ।

ਐਸ ਡੀ ਐਮ ਗੁਰਮੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਖਿਡਾਰੀਆਂ ਨੂੰ ਜਿੱਤ ਲਈ ਸ਼ੁਭ-ਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਬਲਾਕ ਪੱਧਰੀ ਖੇਡਾਂ ਉਨ੍ਹਾਂ ਦੀ ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ ਜਾਣ ਦੀ ਇੱਛਾ ਨੂੰ ਖੰਭ ਲਾਉਣਗੀਆਂ ਅਤੇ ਉਹ ਬਲਾਕ ਪੱਧਰ ਤੋਂ ਬਾਅਦ ਜ਼ਿਲ੍ਹਾ ਪੱਧਰ ਅਤੇ ਉਸ ਤੋਂ ਅੱਗੇ ਸੂਬਾ ਪੱਧਰ ’ਤੇ ਮੁਕਾਬਲਿਆਂ ’ਚ ਭਾਗ ਲੈ ਕੇ ਭਵਿੱਖ ’ਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਖ਼ਤ ਸਰੀਰਕ ਅਭਿਆਸ ਹੀ ਸਫ਼ਲਤਾ ਦੀ ਕੁੰਜੀ ਹੁੰਦਾ ਹੈ ਅਤੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਸ਼ਾਰਟ-ਕੱਟ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ’ਚ ਇਸ ਵਾਰ 9 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ।

ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰੀਮਤੀ ਅਨਮੋਲ ਗਗਨ ਮਾਨ ਦੀਆਂ ਸ਼ੁੱਭ ਇਛਾਵਾਂ ਲੈ ਕੇ ਪੁੱਜੇ ਉਨ੍ਹਾਂ ਦੇ ਪਿਤਾ ਸ. ਜੋਧਾ ਸਿੰਘ ਮਾਨ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਅੱਜ ਦੇ ਏਸ਼ੀਆਈ ਖੇਡਾਂ ਅਤੇ ਉਲੰਪਿਕਸ ਖੇਡਾਂ ਦੇ ਪੰਜਾਬ ਦੇ ਖਿਡਾਰੀ ਵੀ ਉਨ੍ਹਾਂ ਵਾਂਗ ਹੀ ਕਦੇ ਖੇਡ ਮੈਦਾਨਾਂ ਦਾ ਸ਼ਿੰਗਾਰ ਬਣੇ ਸਨ ਅਤੇ ਦੇਸ਼ ਦੇ ਹੀਰੋ ਬਣ ਕੇ ਉਭਰੇ ਹਨ। ਉਨ੍ਹਾਂ ਕਿਹਾ ਕਿ ਖੇਡ ਇੱਕ ਤਪੱਸਿਆ ਵਾਂਗ ਹੈ ਜਿਸ ਨੂੰ ਜਿੰਨੀ ਮੇਹਨਤ ਅਤੇ ਨਿਸ਼ਾਨੇ ’ਤੇ ਧਿਆਨ ਕੇਂਦਰਿਤ ਕਰਕੇ ਕਰਾਂਗੇ, ਉਨ੍ਹਾਂ ਹੀ ਫ਼ਲ ਪਾਵਾਂਗੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਧਾਈ ਦੇ ਪਾਤਰ ਹਨ ਕਿ ਉਹ ਸੂਬੇ ’ਚ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਨਾਲ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਕੇ ਉਨ੍ਹਾਂ ਨੂੰ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸੋਮਾ ਬਣਾ ਰਹੇ ਹਨ।

ਅੱਜ ਹੋਏ ਫੁੱਟਬਾਲ ਮੁਕਾਬਲਿਆਂ ’ਚ ਅੰਡਰ-14 ਤੇ 17 ’ਚ ਆਦਰਸ਼ ਸਕੂਲ ਕਾਲੇਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਚੰਦੋ ’ਤੇ ਜਿੱਤ ਹਾਸਲ ਕੀਤੀ ਜਦਕਿ ਅੰਡਰ-17 ’ਚ ਵਿਦਿਆ ਵੈਲੀ ਸਕੂਲ ਨੇ ਏ ਐਮ ਏ ਫੁੱਟਬਾਲ ਅਕੈਡਮੀ (ਸਨੀ ਇਨਕਲੇਵ) ’ਤੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ-14  ’ਚ ਕੋਚਿੰਗ ਸੈਂਟਰ ਚੰਦੋ ਨੇ ਵਿਦਿਆ ਵੈਲੀ ਸਕੂਲ ’ਤੇ ਜਿੱਤ ਦਰਜ ਕੀਤੀ। ਕਬੱਡੀ ਨੈਸ਼ਨਲ ਸਟਾਈਲ ’ਚ ਅੰਡਰ-14 ’ਚ ਰਸਨਹੇੜੀ ਨੇ ਪਹਿਲਾ ਥਾਂ ਅਤੇ ਚੱਪੜਚਿਵੀ ਨੇ ਦੂਜਾ ਥਾਂ ਹਾਸਲ ਕੀਤਾ। ਅੰਡਰ-17 ’ਚ ਸਰਕਾਰੀ ਹਾਈ ਸਕੂਲ ਸਨੇਟਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।

ਖਰੜ ਦੇ ਬਲਾਕ ਪੱਧਰੀ ਮੁਕਾਬਲੇ 4 ਸਤੰਬਰ ਤੱਕ ਚੱਲਣਗੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਅਤੇ ਖਰੜ ਬਲਾਕ ਦੇ ਨੋਡਲ ਅਫ਼ਸਰ ਅਤੇ ਬਾਸਕਟ ਬਾਲ ਕੋਚ ਜਤਿੰਦਰ ਵਰਮਾ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਅਤੇ ਖਿਡਾਰੀ ਮੌਜੂਦ ਸਨ।
ਇਨ੍ਹਾਂ ਖੇਡਾਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ  ਸਟਾਈਲ) ਤੇ  ਖੋ-ਖੋ ’ਚ ਅੰਡਰ -14, ਅੰਡਰ -17, ਅੰਡਰ-21, ਅੰਡਰ 21  ਤੋਂ 30, ਅੰਡਰ 31 ਤੋਂ 40 ਤਕ ਜਦਕਿ ਅਥਲੈਟਿਕਸ, ਵਾਲੀਬਾਲ (ਸਮੈਸ਼ਿੰਗ ਅਤੇ ਸ਼ੂਟਿੰਗ) ’ਚ ਅੰਡਰ -14, ਅੰਡਰ -17, ਅੰਡਰ -21, ਅੰਡਰ 21 ਤੋਂ 30, ਅੰਡਰ 31 ਤੋਂ 40, ਅੰਡਰ 41 ਤੋਂ 50, ਅੰਡਰ 51 ਤੋਂ 60, ਅੰਡਰ 61 ਤੋਂ 70 ਅਤੇ 70 ਤੋਂ ਉੱਪਰ, ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਦੇ ਹਨ। ਜਿਨ੍ਹਾਂ ਖਿਡਾਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਹੋ ਸਕੀ, ਉਹ ਆਫ਼ਲਾਈਨ ਰਜਿਸਟ੍ਰੇਸ਼ਨ ਰਾਹੀਂ ਵੀ ਭਾਗ ਲੈ ਸਕਦੇ ਹਨ।

Spread the love