ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਰਵਾਈਆਂ ਜਾਣਗੀਆਂ ਗਣਿਤ ਦੀਆਂ ਵਿਸ਼ੇਸ ਆਨਲਾਈਨ ਗਤੀਵਿਧੀਆਂ

Sorry, this news is not available in your requested language. Please see here.

ਫਾਜ਼ਿਲਕਾ, 27 ਮਈ 2021
ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਉਪਜੇ ਹਾਲਾਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਿਰੰਤਰ ਰਾਬਤੇ ਦੀ ਮੰਗ ਕਰਦੇ ਹਨ।ਮਹਾਂਮਾਰੀ ਦੌਰਾਨ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ ਨਾਲ ਸਾਵਧਾਨੀਆਂ ਦੇ ਪਾਲਣ ਅਤੇ ਹੌਸਲਾ ਬਣਾਈ ਰੱਖਣ ਲਈ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਰਾਬਤਾ ਬਣਾਈ ਰੱਖਣ ਦੇ ਮਨੋਰਥ ਨਾਲ ਜਿੱਥੇ ਸਵੈ ਇੱਛਾ ਨਾਲ ਆਨਲਾਈਨ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸਕੂਲ ਸਿੱਖਿਆ ਵਿਭਾਗ ਵੱਲੋਂ ਵੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਬਹੁਤ ਸਾਰੀਆਂ ਦਿਲਚਸਪ ਆਨਲਾਈਨ ਗਤੀਵਿਧੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ” ਵਿਸ਼ੇਸ ਸਮਰ ਗਤੀਵਿਧੀਆਂ” ਅਧੀਨ ਨਵੇਂ ਸੈਸ਼ਨ ਦੌਰਾਨ ਗਣਿਤ ਵਿਸ਼ੇ ਦੇ ਹੁਣ ਤੱਕ ਕੀਤੇ ਜਾ ਚੁੱਕੇ ਪਾਠਕ੍ਰਮ ਦੇ ਆਧਾਰ `ਤੇ ਮੰਨੋਰੰਜਕ ਅਤੇ ਸਿੱਖਿਆਦਾਇਕ ਆਨਲਾਈਨ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਗਈ ਹੈ।
ਡਾ. ਤਿ੍ਲੋਚਨ ਸਿੰਘ ਸਿੱਧੂ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ. ਬਿ੍ਜਮੋਹਨ ਸਿੰਘ ਬੇਦੀ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਵੱਖ ਵੱਖ ਵਿਸ਼ਿਆਂ ਦੀਆਂ ਆਨਲਾਈਨ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।ਇਸੇ ਤਹਿਤ ਗਣਿਤ ਵਿਸ਼ੇ ਲਈ ਦੋ ਗਰੁੱਪਾਂ ਮਿਡਲ ਅਤੇ ਸੈਕੰਡਰੀ ਲਈ ਗਤੀਵਿਧੀਆਂ ਦੀ ਯੋਜਨਾ ਉਲੀਕੀ ਗਈ ਹੈ।ਇਹ ਗਤੀਵਿਧੀਆਂ 1 ਜੂਨ ਤੋਂ ਸ਼ੁਰੂ ਹੋ ਕੇ 23 ਜੂਨ ਤੱਕ ਜਾਰੀ ਰਹਿਣਗੀਆਂ।ਮਿਡਲ ਗਰੁੱਪ ਦੀਆਂ ਜਮਾਤਾਂ ਛੇਵੀਂ, ਸੱਤਵੀਂ ਅਤੇ ਅੱਠਵੀਂ ਲਈ ਕੁੱਲ ਦਸ ਪ੍ਰਯੋਗੀ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ ਅਤੇ ਵਿਦਿਆਰਥੀ ਇਹਨਾਂ ਵਿੱਚੋਂ ਕੋਈ ਚਾਰ ਮਨਪਸੰਦ ਗਤੀਵਿਧੀਆਂ ਕਰਨਗੇ।ਇਸੇ ਤਰ੍ਹਾਂ ਸੈਕੰਡਰੀ ਗਰੁੱਪ ਦੀਆਂ ਨੌਵੀਂ ਅਤੇ ਦਸਵੀਂ ਜਮਾਤਾਂ ਲਈ ਕੁੱਲ ਨੌਂ ਪ੍ਰਯੋਗੀ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ।ਵਿਦਿਆਰਥੀ ਆਪੋ ਆਪਣੀ ਦਿਲਚਸਪੀ ਅਨੁਸਾਰ ਕੋਈ ਚਾਰ ਕ੍ਰਿਆਵਾਂ ਕਰਨਗੇ।ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਸਮੂਹ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਨੂੰ ਲੋੜੀਂਦੀ ਅਗਵਾਈ ਦੇਣ ਲਈ ਵੀ ਕਿਹਾ।
ਸ਼੍ਰੀ ਅਸ਼ੋਕ ਕੁਮਾਰ ਧਮੀਜਾ ਜਿਲ੍ਹਾ ਮੈਂਟਰ ਗਣਿਤ ਨੇ ਦੱਸਿਆ ਕਿ ਇਹਨਾਂ ਕ੍ਰਿਆਵਾਂ ਦਾ ਮਨੋਰਥ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਕਰਵਾਏ ਜਾ ਚੁੱਕੇ ਪਾਠਕ੍ਰਮ ਦੀ ਦੁਹਰਾਈ ਅਤੇ ਛੁੱਟੀਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਾਈ ਰੱਖਣਾ ਹੈ।ਉਹਨਾਂ ਕਿਹਾ ਕਿ ਇਹਨਾਂ ਪਾਠਕ੍ਰਮ ਆਧਾਰਿਤ ਗਤੀਵਿਧੀਆਂ ਦੇ ਨਾਲ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਨਲਾਈਨ ਤਰੀਕੇ ਹੀ ਮੁਕਾਬਲਾ ਪ੍ਰੀਖਿਆਵਾਂ ਐਨ ਐਮ.ਐਸ.ਐਸ ਅਤੇ ਐਨ.ਟੀ.ਐਸ.ਈ ਦੀ ਤਿਆਰੀ ਜਾਰੀ ਰੱਖਣ ਦੀ ਵੀ ਯੋਜਨਾ ਉਲੀਕੀ ਗਈ ਹੈ।

Spread the love