ਗੰਭੀਰ ਮਰੀਜ਼ ਦਾ ਇਲਾਜ ਕਰਨ ਵਾਲੇ ਬਿਨਾਂ ਡਿਗਰੀ ਵਾਲੇ ‘ਡਾਕਟਰ’ ਦਾ ਸੈਂਟਰ ਸੀਲ

Sorry, this news is not available in your requested language. Please see here.

ਉਪ ਮੰਡਲ ਮੈਜਿਸਟ੍ਰੇਟ ਨੇ ਪੁਲੀਸ ਨੂੰ ਕਾਨੂੰਨੀ ਕਾਰਵਾਈ ਲਈ ਲਿਖਿਆ
ਬਰਨਾਲਾ, 11 ਮਈ 2021
ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਮੈਡੀਕਲ ਸੇਵਾਵਾਂ ਦੇ ਨਾਮ ’ਤੇ ਮਰੀਜ਼ਾਂ ਦੀ ਲੁੱਟ ਅਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ ਚਲਾਈ ਮੁੁਹਿੰਮ ਤਹਿਤ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਵੱਲੋਂ ਬਿਨਾਂ ਡਿਗਰੀ ਵਾਲੇ ‘ਡਾਕਟਰ’ ਖਿਲਾਫ ਕਾਰਵਾਈ ਕਰਦੇ ਹੋਏ ਉਸ ਦਾ ਸੈਂਟਰ ਸੀਲ ਕੀਤਾ ਗਿਆ ਹੈ। ਸਬੰਧਤ ਵਿਅਕਤੀ ਕਰੋਨਾ ਲੱਛਣਾਂ ਵਾਲੇ ਮਰੀਜ਼ ਦਾ ਇਲਾਜ ਕਰ ਰਿਹਾ ਸੀ। ‘ਡਾਕਟਰ’ ਖਿਲਾਫ ਕਾਨੂੰਨੀ ਕਾਰਵਾਈ ਲਈ ਪੁਲੀਸ ਨੂੰ ਲਿਖਿਆ ਗਿਆ ਹੈ।
ਜ਼ਿਲਾ ਬਰਨਾਲਾ ਵਿਚ ਮੈਡੀਕਲ ਸੇਵਾਵਾਂ ਦੀ ਨਜ਼ਰਸਾਨੀ ਲਈ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਵੱਲੋਂ ਮੈਡੀਕਲ ਕਮੇਟੀ ਬਣਾਈ ਗਈ ਹੈ, ਜਿਸ ਵਿਚ ਸ਼ਾਮਲ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮਿੰਦਰ ਕੌਰ ਅਤੇ ਡਰੱਗ ਇੰਸਪੈਕਟਰ ਏਕਾਂਤ ਵੱਲੋਂ ਬਿਨਾਂ ਡਿਗਰੀ ਵਾਲੇ ‘ਡਾਕਟਰ’ ਵੱਲੋਂ ਕਰੋਨਾ ਦੇ ਲੱਛਣਾਂ ਵਾਲੇ ਮਰੀਜ਼ ਦਾ ਇਲਾਜ ਕਰਨ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ।
ਕਮੇਟੀ ਮੈਂਬਰਾਂ ਨੇ ਦੱਸਿਆ ਕਿ ਬਲਵੰਤ ਸਿੰਘ ਗਿੱਲ ਨਾਮ ਦਾ ਵਿਅਕਤੀ ਜਿਸ ਨੇ ਆਪਣੀ ਯੋਗਤਾ ਐਮਡੀ, ਡੀਐਨਬੀ (ਗੈਸਟਰੋ) ਦਰਸਾਈ ਸੀ, ਸਵਾਮੀ ਜੀ ਗੈਸਟਰੋ ਐਨਟੋਮੋਲੋਜੀ ਨਾਮ ’ਤੇ ਸੈਂਟਰ ਚਲਾ ਰਿਹਾ ਸੀ। ਉਸ ਵੱਲੋਂ ਐਸਡੀਐਮ ਦਫਤਰ ਵਿਖੇ ਆਕਸੀਜਨ ਸਿਲੰਡਰ ਲਈ ਅਪਲਾਈ ਕੀਤਾ ਗਿਆ, ਜੋ ਉਸ ਨੂੰ ਐਮਰਜੈਂਸੀ ਆਧਾਰ ’ਤੇ ਮੁਹੱਈਆ ਕਰ ਦਿੱਤਾ ਗਿਆ। ਇਸ ਤੋਂ ਅਗਲੇ ਦਿਨ ਉਸ ਵੱਲੋਂ ਮੁੜ ਅਪਲਾਈ ਕੀਤਾ ਗਿਆ, ਜਿਸ ’ਤੇ ਮਾਮਲਾ ਸ਼ੱਕੀ ਛਾਪਣ ’ਤੇ ਐਸਡੀਐਮ ਵੱਲੋਂ ਕਮੇਟੀ ਮੈਂਬਰਾਂ ਨੂੰ ਚੈਕਿੰਗ ਲਈ ਨਿਰਦੇਸ਼ ਦਿੱਤੇ ਗਏ। ਚੈਕਿੰਗ ਦੌਰਾਨ ਕਮੇਟੀ ਨੇ ਪਾਇਆ ਕਿ ਸੈਂਟਰ ਵਿਚ ਕੋਵਿਡ ਲੱਛਣਾਂ ਵਾਲੇ ਗੰਭੀਰ ਮਰੀਜ਼ ਨੂੰ ਆਕਸੀਜਨ ’ਤੇ ਰੱਖਿਆ ਗਿਆ ਸੀ, ਜਦੋਂਕਿ ਮਰੀਜ਼ ਨੂੰ ਫੌਰੀ ਆਈਸੀਯੂ ਦਾਖਲ ਕਰਾਉਣ ਦੀ ਲੋੜ ਸੀ। ਇਸ ਮੌਕੇ ਸਬੰਧਤ ‘ਡਾਕਟਰ’ ਆਪਣੀ ਡਿਗਰੀ ਦਿਖਾਉਣ ਤੋਂ ਵੀ ਅਸਮਰੱਥ ਰਿਹਾ ਹੈ। ਇਸ ਦੌਰਾਨ ਕਮੇਟੀ ਵੱਲੋਂ ਮਰੀਜ਼ ਨੂੰ ਆਈਸੀਯੂ ’ਚ ਭੇਜਣ ਦੀ ਸਿਫਾਰਸ਼ ਕੀਤੀ ਗਈ, ਜਿਸ ’ਤੇ ਮਰੀਜ਼ ਨੂੰ ਫੌਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਐਸਡੀਐਮ ਸ੍ਰੀ ਵਾਲੀਆ ਨੇ ਦੱਸਿਆ ਕਿ ਸਬੰਧਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੇ ਸੈਂਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਨੂੰ ਕੇਸ ਦਰਜ ਕਰਨ ਲਈ ਲਿਖਿਆ ਗਿਆ ਹੈ।
ਸ੍ਰੀ ਵਾਲੀਆ ਨੇ ਕਿਹਾ ਕਿ ਅਜਿਹੀ ਨਾਜ਼ੁਕ ਸਥਿਤੀ ਵਿਚ ਇਲਾਜ ਦੇ ਨਾਮ ’ਤੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Spread the love