ਸਿਵਲ ਹਸਪਤਾਲ ਬਟਾਲਾ ਵਿੱਚ ਲੱਗ ਰਹੀ ਹੈ ਮੁਫ਼ਤ ਵੈਕਸੀਨ
ਬਟਾਲਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲਗਾਏ ਜਾਣਗੇ ਵੈਕਸੀਨੇਸ਼ਨ ਕੈਂਪ
ਬਟਾਲਾ, 15 ਜੂਨ 2021 ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਕਾਰਜਕਾਰੀ ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ਬਟਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਵੈਕਸੀਨ ਨਹੀਂ ਲਗਵਾਈ ਉਹ ਜਲਦੀ ਤੋਂ ਜਲਦੀ ਵੈਕਸੀਨ ਜਰੂਰ ਲਗਵਾ ਲੈਣ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਸਿਵਲ ਹਸਪਤਾਲ ਬਟਾਲਾ ਵਿੱਚ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ।
ਡਾ. ਹਰਪਾਲ ਸਿੰਘ ਨੇ ਕਿਹਾ ਕਿ ਸਿਹਤ ਮਾਹਿਰਾਂ ਦੇ ਨਾਲ ਉਨ੍ਹਾਂ ਦਾ ਇਹ ਨਿੱਜੀ ਤਜ਼ਰਬਾ ਵੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਕੋਵਿਡ ਵੈਕਸੀਨ ਲਗਵਾਈ ਲਈ ਸੀ ਉਨ੍ਹਾਂ ਉੱਪਰ ਕੋਰੋਨਾ ਮਹਾਂਮਾਰੀ ਦਾ ਨਾ ਮਾਤਰ ਅਸਰ ਹੋਇਆ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਤੋਂ ਬਾਅਦ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ਟਿਵ ਵੀ ਆਇਆ ਹੈ ਤਾਂ ਉਹ ਸਿਰਫ ਮਾਮੂਲੀ ਲੱਛਣਾਂ ਤੋਂ ਬਾਅਦ ਬਿਲਕੁਲ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾਉਣੀ ਬਹੁਤ ਜਰੂਰੀ ਹੈ ਕਿਉਂਕਿ ਇਸ ਨਾਲ ਸਾਡੇ ਸਰੀਰ ਵਿੱਚ ਕੋਰੋਨਾ ਨਾਲ ਲੜ੍ਹਨ ਦੀ ਸਮਰੱਥਾ ਵੱਧ ਜਾਂਦੀ ਹੈ।
ਡਾ. ਹਰਪਾਲ ਸਿੰਘ ਨੇ ਕਿਹਾ ਕਿ ਕੋਵਿਡ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਮਾੜਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬਟਾਲਾ ਵਿੱਚ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵੀ ਵੈਕਸੀਨ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੌਂਸਲਰ ਜਾਂ ਮੋਹਤਬਰ ਵਿਅਕਤੀ ਆਪਣੇ ਵਾਰਡ ਜਾਂ ਮੁਹੱਲੇ ਵਿੱਚ ਵੈਕਸੀਨੇਸ਼ਨ ਕੈਂਪ ਲਗਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਦੇ ਕੇਸ ਕੁਝ ਘੱਟ ਹੋਏ ਹਨ ਪਰ ਇਸਦੇ ਬਾਵਜੂਦ ਵੀ ਕਿਸੇ ਨੂੰ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਾਸਕ ਲਾਜ਼ਮੀ ਤੌਰ ’ਤੇ ਲਗਾਉਣਾ ਚਾਹੀਦਾ ਹੈ, ਭੀੜ ਤੋਂ ਬਚ ਕੇ ਦੋ ਗਜ਼ ਦੀ ਦੂਰੀ ਰੱਖਣੀ ਚਾਹੀਦੀ ਹੈ ਅਤੇ ਬਾਰ-ਬਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ਜਾਂ ਸੈਨੇਟਾਈਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਾਵਧਾਨੀਆਂ ਅਤੇ ਵੈਕਸੀਨ ਲਗਵਾ ਕੇ ਅਸਾਨੀ ਨਾਲ ਜਾਨਲੇਵਾ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ।