ਜ਼ਿਲ੍ਹਾ ਬਰਨਾਲਾ ਵਿਚ 98 ਮੰਡੀਆਂ ਤੋਂ ਇਲਾਵਾਂ 188 ਸ਼ੈਲਰਾਂ ਨੂੰ ਖਰੀਦ ਕੇਂਦਰ ਐਲਾਨਿਆ: ਡਿਪਟੀ ਕਮਿਸ਼ਨਰ
ਸਾਰੀਆਂ ਧਿਰਾਂ ਨੂੰ ਮੰਡੀਆਂ ਵਿਚ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਦੀ ਹਦਾਇਤ
ਬਰਨਾਲਾ, 28 ਸਤੰਬਰ
ਖਰੀਫ ਸੀਜ਼ਨ 2020-21 ਤਹਿਤ ਸੂਬੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਵਿੱਚ ਵੀ ਝੋਨੇ ਦੀ ਆਮਦ ਲਈ ਸਾਰੇ ਪ੍ਰਬੰਧ ਸੁਚੱਜੇ ਤਰੀਕੇ ਨਾਲ ਸਿਰੇ ਚੜ੍ਹਾਏ ਜਾਣ। ਇਸ ਸੀਜ਼ਨ ਵਿੱਚ ਹਾੜ੍ਹੀ ਦੇ ਸੀਜ਼ਨ ਦੀ ਤਰਜ਼ ’ਤੇ ਕੋਵਿਡ ਪ੍ਰੋਟੋਕੋਲਾਂ ਦਾ ਪੂਰਾ ਖਿਆਲ ਰੱਖਿਆ ਜਾਵੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱੱਲੋਂ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਾਕਾਰ ਮਾਮਲੇ ਵਿਭਾਗ ਤੇ ਮੰਡੀ ਬੋਰਡ ਦੇ ਅਧਿਕਾਰੀਆਂ, ਮਾਰਕੀਟ ਕਮੇਟੀ ਚੈਅਰਮੈਨਾਂ, ਮੰਡੀ ਅਧਿਕਾਰੀਆਂ, ਏਜੰਸੀਆਂ, ਸ਼ੈਲਰ ਮਾਲਕਾਂ, ਆੜ੍ਹਤੀਆਂ ਤੇ ਹੋਰ ਸਬੰਧਤ ਧਿਰਾਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 98 ਮੰਡੀਆਂ ਤੋਂ ਇਲਾਵਾ 188 ਸ਼ੈਲਰਾਂ ਨੂੰ ਫੜ੍ਹ ਐਲਾਨਿਆ ਗਿਆ ਹੈ ਤਾਂ ਜੋ ਮੰਡੀਆਂ ਵਿਚ ਇਕੱੱਠ ਨਾ ਹੋਵੇ ਅਤੇ ਕਿਸਾਨ ਨੇੜਲੇ ਖਰੀਦ ਕੇਂਦਰ ਵਿਚ ਆਪਣੀ ਫਸਲ ਦੀ ਵਿਕਰੀ ਕਰ ਸਕਣ।
ਉਨ੍ਹਾਂ ਸਬੰਧਤ ਧਿਰਾਂ ਨੂੰ ਵਿਸ਼ਵਾਸ ਕਿ ਲੇਬਰ ਅਤੇ ਬਾਰਦਾਨੇ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸੇ ਤਰ੍ਹਾਂ ਆੜ੍ਹਤੀਆਂ ਨੂੰ ਆਖਿਆ ਕਿ ਲੇਬਰ ਨੂੰ ਕੋਵਿਡ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣ। ਆੜ੍ਹਤੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਕੰਬਾਈਨ ਹਾਰਵੈਸਟਰ ’ਤੇ ਸੁਪਰ ਐੋਸਐਮਐਸ ਲੱਗਿਆ ਹੋਣਾ ਯਕੀਨੀ ਬਣਾਉਣ ਅਤੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ।
ਉਨ੍ਹਾਂ ਆਖਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਜਿਣਸ ਦੀ ਆਮਦ ਆਗਾਮੀ ਦਿਨਾਂ ਵਿਚ ਸ਼ੁਰੂ ਹੋ ਜਾਵੇਗੀ। ਇਸ ਵਾਸਤੇ ਸਾਰੀਆਂ ਧਿਰਾਂ ਆਪਣਾ ਪੂਰਾ ਸਹਿਯੋਗ ਦੇਣ ਤਾਂ ਜੋ ਕਿਸਾਨਾਂ ਦੀ ਫਸਲ ਸਮੇਂ ਸਿਰ ਚੁੱਕੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਤਿੰਦਰ ਕੌਰ ਤੇ ਹੋਰ ਹਾਜ਼ਰ ਸਨ।