ਨਵਾਂਸ਼ਹਿਰ, 1 ਅਕਤੂਬਰ :
ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਰਾਸ਼ਟਰ ਪਿਤਾ ਮਹਾਤਮਾ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਾਂਝੇ ਯਤਨਾਂ ਨਾਲ ਇਸ ਸ਼ੁੱਭ ਮੌਕੇ ’ਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ‘ਬੇਟੀ ਬਚਾਓ ਬੇਟੀ ਪੜਾਓ’ ਸਕੀਮ ਦਾ ਲੋਗੋ ਸਟਿੱਕਰ ਅਤੇ ਪੋਸਟਰ ਰਿਲੀਜ਼ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਲੜਕੀਆਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੜਕੀਆਂ ਵਿਚ ਚੰਗੀ ਸਿਹਤ ਸੰਭਾਲ, ਚੰਗਾ ਪੋਸ਼ਣ ਅਤੇ ਚੰਗੀ ਵਿੱਦਿਆ ਦੇਣਾ ਹੁਣ ਸਮੇਂ ਦੀ ਲੋੜ ਹੈ, ਤਾਂ ਜੋ ਲੜਕੀਆਂ ਵੱਧ ਤੋਂ ਵੱਧ ਵਿੱਦਿਆ ਹਾਸਲ ਕਰ ਕੇ ਆਪਦੇ ਪੈਰਾਂ ’ਤੇ ਖੜੇ ਹੋ ਕੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਉਨਾਂ ਵੱਲੋਂ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਓ ਆਪਾਂ ਰਲ-ਮਿਲ ਕੇ ਧੀਆਂ ਦੇ ਜਨਮ ਨੂੰ ਸਵੀਕਾਰ ਕਰੀਏ ਅਤੇ ਧੀਆਂ ਨੂੰ ਵੀ ਪੁੱਤਰਾਂ ਵਾਂਗ ਪਿਆਰ ਅਤੇ ਚੰਗਾ ਵਾਤਾਵਰਨ ਦੇ ਕੇ ਸਮਾਜ ਦੇ ਚੰਗੇ ਨਾਗਰਿਕ ਬਣਨ ਦਾ ਮੌਕਾ ਦੇਈਏ। ਉਨਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਬੇਟੀ ਬਚਾਓ ਬੇਟੀ ਪੜਾਓ’ ਸਕੀਮ ਅਧੀਨ ਗਾਂਧੀ ਜੈਅੰਤੀ ਦੇ ਸ਼ੁੱਭ ਮੌਕੇ ’ਤੇ ਹਰ ਪਿੰਡ ਵਿਚ ‘ਸੈਲੀਬਰੇਟ ਦੀ ਗਰਲ ਚਾਈਲਡ ਐਂਡ ਇਨੇਬਲ ਹਰ ਐਜੂਕੇਸ਼ਨ’ ਟੈਗ ਤਹਿਤ ਹੋਰ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ ਤਾਂ ਜੋ ਹਰੇਕ ਮਾਂ-ਬਾਪ ਧੀਆਂ ਦੀ ਮਹੱਤਤਾ ਨੂੰ ਸਮਝਦਿਆਂ ਉਨਾਂ ਨੂੰ ਪੂਰਾ ਮਾਣ-ਸਨਮਾਨ ਦੇਣ ਲਈ ਜਾਗਰੂਕ ਹੋ ਸਕਣ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਐਲ. ਪੀ. ਓ ਅਮਨਦੀਪ ਕੋਰ, ਸੈਂਟਰ ਐਡਮਿਨ ਸਖੀ ਵੱਨ ਸਟਾਪ ਸੈਂਟਰ ਮਨਜੀਤ ਕੌਰ, ਸੀ. ਡੀ. ਪੀ. ਓ ਬੰਗਾ ਜਸਵੰਤ ਕੌਰ ਅਤੇ ਜਸਵਿੰਦਰ ਕੌਰ ਹਾਜ਼ਰ ਸਨ।