ਡਿਪਟੀ  ਕਮਿਸ਼ਨਰ ਵੱਲੋਂ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਜਾਰੀ

ਕਿੱਟਾਂ ਬਾਗਬਾਨੀ ਵਿਭਾਗ ਦੇ ਬਲਾਕ ਪੱਧਰ ਦੇ ਦਫ਼ਤਰ ਪਟਿਆਲਾ, ਸਮਾਣਾ, ਰਾਜਪੁਰਾ ਅਤੇ ਨਾਭਾ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ   ਡਾ. ਮਾਨ
ਪਟਿਆਲਾ, 3 ਸਤੰਬਰ:
ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਵਧੀਆਂ ਕਿਸਮ ਦੇ ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਬਾਗਬਾਨੀ ਵਿਭਾਗ ਅਹਿਮ ਰੋਲ ਅਦਾ ਕਰ ਰਿਹਾ ਹੈ, ਇਸੇ ਲੜੀ ਤਹਿਤ ਅੱਜ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਜ਼ੀਆਂ ਦੇ ਵਧੀਆਂ ਕੁਆਲਟੀ ਦੇ ਬੀਜ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਇਸ ਤਹਿਤ ਸਰਦੀ ਰੁੱਤ ਦੀਆਂ ਸਬਜ਼ੀਆਂ ਦੇ ਬੀਜ ਸਬਸਿਡੀ ਰੇਟ ਉਪਰ ਮੁਹੱਈਆ ਕਰਵਾਏ ਜਾ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਘਰੇਲੂ ਬਗੀਚੀ ਵਿਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਪੈਦਾ ਕਰਕੇ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਅਨੁਸਾਰ ਤੰਦਰੁਸਤ ਰਹਿਣ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਘੱਟੋ ਘੱਟ 300 ਗ੍ਰਾਮ ਸਬਜ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਇਹ ਕਿੱਟ 6 ਮਰਲਿਆਂ ਵਿਚ ਬੀਜੀ ਜਾਣੀ ਹੈ ਜਿਸ ਵਿਚੋਂ 7 ਜੀਆਂ ਦਾ ਪਰਿਵਾਰ ਸਬਜ਼ੀ ਪੈਦਾ ਕਰਕੇ ਖਾ ਸਕਦਾ ਹੈ ਅਤੇ ਇਸ ਨਾਲ ਛੇ ਮਹੀਨੇ ‘ਚ ਘੱਟੋ ਘੱਟ 5 ਹਜ਼ਾਰ ਰੁਪਏ ਦੀ ਬਚਤ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕਿੱਟ ਦਾ ਬਹੁਤ ਹੀ ਵਾਜਿਬ ਰੇਟ 80/-ਰੁਪਏ ਹੈ ਜਿਸ ਵਿਚ ਗਾਜਰ, ਮੂਲੀ, ਮੇਥੀ, ਪਾਲਕ, ਮਟਰ, ਬਰੋਕਲੀ ਅਤੇ ਧਨੀਆ ਆਦਿ ਦਾ ਬੀਜ ਉਪਲਬਧ ਹੈ। ਡਾ. ਮਾਨ ਨੇ ਦੱਸਿਆ ਇਹ ਕਿੱਟਾਂ ਬਾਗਬਾਨੀ ਵਿਭਾਗ ਦੇ ਬਲਾਕ ਪੱਧਰ ਦੇ ਦਫ਼ਤਰ ਪਟਿਆਲਾ, ਸਮਾਣਾ, ਰਾਜਪੁਰਾ ਅਤੇ ਨਾਭਾ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਕੁਲਵੰਤ ਸਿੰਘ ਅਤੇ ਕਲੈਸ਼ ਕੁਮਾਰ ਵੀ ਮੌਜੂਦ ਸਨ।

Spread the love