ਬਟਾਲਾ, 26 ਮਈ 2021 ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਕੋਰੋਨਾ ਤੋਂ ਬਚਣ ਲਈ ਸਾਵਧਾਨ ਰਹਿਣਾ ਚਾਹੀਦਾ ਹੈ ਓਥੇ ਨਾਲ ਹੀ ਡੇਂਗੂ ਦੀ ਬਿਮਾਰੀ ਪ੍ਰਤੀ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਡੇਂਗੂ ਤੋਂ ਬਚਾਅ ਕਰਨ ਲਈ ਸਾਨੂੰ ਆਪਣੇ ਘਰਾਂ ਵਿੱਚ ਅਤੇ ਆਸ-ਪਾਸ ਪਾਣੀ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਪਾਣੀ ਵਿੱਚ ਹੀ ਮੱਛਰ ਪੈਦਾ ਹੋ ਕੇ ਡੇਂਗੂ ਦੀ ਬਿਮਾਰੀ ਦਾ ਕਾਰਨ ਬਣਦਾ ਹੈ।
ਇਹ ਪ੍ਰਗਟਾਵਾ ਕਰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ ਡਾ. ਸੰਜੀਵ ਕੁਮਾਰ ਭੱਲਾ ਨੇ ਕਿਹਾ ਕਿ ਡੇਂਗੂ ਬੁਖਾਰ ਹੋਣ ਨਾਲ ਵਿਅਕਤੀ ਦਾ ਸ਼ਰੀਰ ਦੁੱਖਦਾ ਹੈ, ਤੇਜ਼ ਬੁਖਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਪਾਸੇ ਦਰਦਾਂ ਹੁੰਦੀਆਂ ਹਨ, ਕਿਸੇ-ਕਿਸੇ ਦੇ ਸ਼ਰੀਰ ਉੱਤੇ ਲਾਲ ਨਿਸ਼ਾਨ ਪੈ ਜਾਂਦੇ ਹਨ ਅਤੇ ਖੂਨ ਵਹਿੰਦਾ ਹੈ, ਪਲੇਟਲੈਟ ਘੱਟ ਹੋ ਸਕਦੇ ਹਨ। ਉਨਾਂ ਕਿਹਾ ਡੇਂਗੂ ਪੀੜਤ ਮਰੀਜ਼ ਨੂੰ ਦਵਾਈਆਂ ਦੀ ਬਹੁਤ ਲੋੜ ਨਹੀਂ ਹੁੰਦੀ ਅਤੇ ਇਸ ਲਈ ਆਮ ਦਵਾਈ ਹੀ ਕਾਫੀ ਹੁੰਦੀ ਹੈ।
ਡਾ. ਭੱਲਾ ਨੇ ਦੱਸਿਆ ਕਿ ਡੇਂਗੂ ਦੀ ਬਿਮਾਰੀ ਡੇਂਗੂ ਦੇ ਮੱਛਰ ਤੋਂ ਕੱਟਣ ਨਾਲ ਹੁੰਦਾ ਹੈ। ਉਨਾਂ ਦੱਸਿਆ ਕਿ ਡੇਂਗੂ ਦਾ ਮੱਛਰ ਹਫਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ। ਇਸ ਲਈ ਸਾਰਿਆਂ ਨੂੰ ਹਫਤੇ ਦੇ ਹਰੇਕ ਸੁੱਕਰਵਾਰ ਨੂੰ ਡੇਂਗੂ ਦੇ ਲਾਰਵੇ ਨੂੰ ਪੈਦਾ ਕਰਨ ਵਾਲੀ ਜਗਾ (ਜਿਵੇਂ ਕਿ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਂਡੇ ਆਦਿ) ਨੂੰ ਸਾਫ ਕਰਨਾ ਚਾਹੀਦਾ ਹੈ। ਡਾ. ਭੱਲਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਡੇਂਗੂ ਦੀ ਬਿਮਾਰੀ ਨਾ ਫੈਲੇ ਇਸ ਲਈ ਸਾਰਿਆਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਤੋਂ ਸਾਵਧਾਨੀ ਵਰਤ ਕੇ ਅਸਾਨੀ ਨਾਲ ਬਚਿਆ ਜਾ ਸਕਦਾ ਹੈ।