ਡੇਂਗੂ ਦੀ ਰੋਕਥਾਮ ਲਈ ਮੱਛਰਾਂ ਦੀ ਪੈਦਾਇਸ਼ ਰੋਕਣੀ ਜ਼ਰੂਰੀ : ਡਾ ਜਗਦੀਪ ਸਿੰਘ

Sorry, this news is not available in your requested language. Please see here.

ਐਂਟੀ ਡੇਂਗੂ ਮਹੀਨਾ ਮਨਾਉਣ ਲਈ ਹਦਾਇਤਾਂ ਜਾਰੀ
ਨਵਾਂਸ਼ਹਿਰ, 2 ਜੁਲਾਈ 2021 ਜ਼ਿਲ੍ਹੇ ‘ਚ ਕਾਰਜਸ਼ੀਲ ਸਾਰੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ (ਮੇਲ) ਦੀ ਮੀਟਿੰਗ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਜਗਦੀਪ ਸਿੰਘ ਦੀ ਪ੍ਰਧਾਨਗੀ ‘ਚ ਹੋਈ। ਇਸ ਮੀਟਿੰਗ ‘ਚ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਕਿ ਮਲੇਰੀਆ, ਡੇਂਗੂ, ਚਿਕਨਗੁਨੀਆਂ ਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਤੇ ਮਹੀਨਾਵਾਰ ਰਿਪੋਰਟਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਮਹੀਨਾ ਜੁਲਾਈ ਨੂੰ ਬਤੌਰ ਐਂਟੀ ਡੇਂਗੂ ਮਹੀਨਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹੇ ਵਿਚ ਜਾਰੂਕਤਾ ਸਰਗਰਮੀਆਂ ਤੇਜ਼ ਕਰਨ ਲਈ ਕਿਹਾ ਅਤੇ ਇਸ ਦੌਰਾਨ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਸੁਹਿਰਦਤਾ ਨਾਲ ਪਾਲਣਾ ਕੀਤੀ ਜਾਵੇ।
ਡਾ ਜਗਦੀਪ ਸਿੰਘ ਕਿਹਾ ਕਿ ਡੇਂਗੂ ਬੁਖ਼ਾਰ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਡੇਂਗੂ ਬੁਖ਼ਾਰ ਮਾਦਾ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਸ ਨੂੰ ‘ਟਾਈਗਰ ਮੱਛਰ’ ਵੀ ਕਹਿੰਦੇ ਹਨ। ਇਸ ਦੇ ਸਰੀਰ ਉੱਤੇ ਟਾਈਗਰ ਵਰਗੀਆਂ ਕਾਲੀਆਂ ਚਿੱਟੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਇਹ ਮੱਛਰ ਕੂਲਰਾਂ, ਕੰਨਟੇਨਰਾਂ, ਫਰਿਜ਼ ਦੇ ਪਿੱਛੇ ਲੱਗੀਆਂ ਟਰੇਆਂ, ਗਮਲਿਆਂ, ਘਰਾਂ ਦੀਆਂ ਛੱਤਾਂ ਉੱਪਰ ਪਏ ਟਾਇਰ, ਕਬਾੜ ਆਦਿ ‘ਚ ਖੜ੍ਹੇ ਸਾਫ਼ ਪਾਣੀ ‘ਚ ਪੈਦਾ ਹੁੰਦਾ ਹੈ।ਇਕ ਹਫ਼ਤੇ ‘ਚ ਇਕ ਆਂਡੇ ਤੋਂ ਪੂਰਾ ਜਵਾਨ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਕ ਚੱਮਚ ਪਾਣੀ ‘ਚ ਵੀ ਇਹ ਮੱਛਰ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜ਼ਿਆਦਾਤਰ ਸਵੇਰ ਤੇ ਸ਼ਾਮ ਨੂੰ ਕੱਟਦਾ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਤੇ ਮਲੇਰੀਆ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰਾਂ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਂਕਿ ਇਲਾਜ ਨਾਲੋਂ ਪ੍ਰਹੇਜ਼ ਜ਼ਿਆਦਾ ਬਿਹਤਰ ਹੈ। ਉਨ੍ਹਾਂ ਮੀਡੀਆ ਜ਼ਰੀਏ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਵਿਚ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਹਫਤੇ ਵਿਚ ਇਕ ਵਾਰ ਕੂਲਰਾਂ, ਫਰਿਜ਼ ਦੀ ਟਰੇਅ ਦੀ ਸਫਾਈ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਬੁਖਾਰ ਵਾਲੇ ਮਰੀਜ਼ ਨੂੰ ਨੇੜੇ ਦੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਮੁਫਤ ਜਾਂਚ ਲਈ ਸੰਪਰਕ ਕਰਨਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਹੋਣ ਨਾਲ ਡੇਂਗੂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਗਲ਼ੀਆਂ, ਨਾਲੀਆਂ ਤੇ ਛੱਪੜਾਂ ਵਿੱਚ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਪੂਰਾ ਸਰੀਰ ਢੱਕਿਆ ਹੋਵੇ ਤਾਂ ਜੋ ਮੱਛਰ ਨਾ ਕੱਟ ਸਕੇ। ਰਾਤ ਨੂੰ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਰੋਕੂ ਕਰੀਮਾਂ ਤੇ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹੈਲਥ ਇੰਸਪੈਕਟਰ ਰਾਜੀਵ ਕੁਮਾਰ, ਰਵੀ ਕੁਮਾਰ, ਭੱਟੀ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Spread the love