“ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਲਗਾਏ ਕੈਂਪਾਂ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਪ੍ਰਸ਼ੰਸਾ: ਐਸ.ਡੀ.ਐਮ
ਡੇਰਾਬਸੀ, 16 ਫਰਵਰੀ 2024
“ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਅੱਜ ਡੇਰਾਬਸੀ ਸਬ ਡਵੀਜ਼ਨ ਦੇ ਪਿੰਡ ਨਿੰਬੂਆ, ਬਰਟਾਣਾ, ਹੁੰਬੜਾ ਅਤੇ ਵਾਰਡ ਨੰ: 9 ਅਤੇ 10 ਪੀਰ ਮੁਛੱਲਾ, ਜੀਰਕਪੁਰ ਵਿੱਚ ਲਾਏ ਕੈਂਪਾਂ ਦਾ ਜਾਇਜ਼ਾ ਲੈਂਦੇ ਸਮੇਂ ਐਸ.ਡੀ.ਐਮ. ਸ੍ਰੀ ਹਿਮਾਂਸੂ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੋਈ ਹੈ ਕਿ ਲੋਕਾਂ ਦੇ ਕੰਮ ਕਰਨ ਲਈ ਸਾਰੇ ਦਫ਼ਤਰ ਇਕ ਥਾਂ ਬੈਠੇ ਹਨ ਅਤੇ ਲੋਕਾਂ ਦੇ ਕੰਮ ਮੌਕੇ ਉਤੇ ਹੋ ਰਹੇ ਹਨ। ਉਨਾਂ ਕਿਹਾ ਕਿ ਇੰਨਾ ਕੰਮਾਂ ਲਈ ਲੋਕਾਂ ਨੂੰ ਪਹਿਲਾਂ ਵੱਡੀ ਮੁਸ਼ਕਿਲ ਹੁੰਦੀ ਸੀ, ਪਰ ਅੱਜ ਇਹ ਕੰਮ ਬਿਨਾਂ ਕਿਸੇ ਦਿੱਕਤ ਦੇ ਹੋ ਰਹੇ ਹਨ, ਜੋ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵੱਡਾ ਉਪਰਾਲਾ ਹੈ। ਉਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਸ. ਮਾਨ ਵੱਲੋਂ ਆਰੰਭੀ “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਡੇਰਾਬਸੀ ਹਲਕੇ ਵਿੱਚ ਲਗਾਏ ਜਾ ਰਹੇ ਕੈਪਾਂ ਦੀ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਉਨਾਂ ਇਸ ਮੌਕੇ ਕੈਂਪ ਵਿਚ ਚੱਲ ਰਹੇ ਇਕੱਲੇ ਇਕੱਲੇ ਕਾਊਂਟਰ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲੋਕ ਸੇਵਾ ਲਈ ਪ੍ਰੇਰਿਤ ਕੀਤਾ ਅਤੇ ਇਲਾਕੇ ਦੇ ਕੰਮ ਕਰਵਾਉਣ ਆਏ ਲੋਕਾਂ ਨੂੰ ਪਾਸੋਂ ਉਨਾਂ ਦਾ ਕੈਂਪ ਪ੍ਰਤੀ ਨਜ਼ਰੀਆ ਵੀ ਜਾਣਿਆ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦੇ ਸਰਕਾਰ ਨਾਲ ਸਬੰਧਤ ਕੰਮਾਂ ਸਬੰਧੀ ਵੱਖ-ਵੱਖ ਸੇਵਾਵਾਂ ਇੰਨਾ ਕੈਂਪਾਂ ਵਿਚ ਦਿੱਤੀਆਂ ਜਾ ਰਹੀਆਂ ਹਨ, ਉਹ ਵੀ ਲੋਕਾਂ ਦੇ ਬੂਹੇ ਉਤੇ ਜਾ ਕੇ ਮਿਲ ਰਹੀਆਂ ਹਨ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਰ ਸ਼ਹਿਰ, ਹਰ ਵਾਰਡ, ਹਰ ਪਿੰਡ ਇੰਨਾ ਕੈਂਪਾਂ ਤਹਿਤ ਕਵਰ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇੰਨਾ ਕੈਂਪਾਂ ਦਾ ਲਾਹਾ ਲੈਂਦੇ ਹੋਏ ਹਰ ਤਰਾਂ ਦੀ ਸੇਵਾ ਲਈ ਕੈਂਪਾਂ ਵਿਚ ਜਰੂਰ ਆਉਣ। ਇਸ ਮੌਕੇ ਹਲਕੇ ਦੇ ਲੋਕਾਂ ਨੇ ਮਾਨ ਸਰਕਾਰ ਵੱਲੋਂ ਕੀਤੇ ਗਏ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜਿਸ ਤਰਾਂ ਦੇ ਵਾਅਦੇ ਲੋਕਾਂ ਨਾਲ ਕੀਤੇ ਸਨ, ਉਸ ਤਰਾਂ ਨਾਲ ਹੀ ਕੰਮ ਕਰ ਰਹੇ ਹਨ।
ਐਸ ਡੀ ਐਮ ਨੇ ਇਹ ਵੀ ਕਿਹਾ ਕਿ ਹੁਣ ਵੱਖ ਵੱਖ ਤਰ੍ਹਾਂ ਦੀਆਂ 43 ਸੇਵਾਵਾਂ ਆਪਣੇ ਘਰਾਂ ਨੇੜੇ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਹ ਸਹੂਲਤਾਂ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ।
ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।