ਤੁਫਾਨ ਅਤੇ ਅਸਮਾਨੀ ਬਿਜਲੀ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਹਦਾਇਤਾਂ ਜਾਰੀ

Sorry, this news is not available in your requested language. Please see here.

ਹੈਲਪਲਾਈਨ ਨੰਬਰ 1078 ਤੋਂ ਲਈ ਜਾ ਸਕਦੀ ਹੈ ਵਧੇਰੇ ਜਾਣਕਾਰੀ
ਬਟਾਲਾ, 8 ਜੁਲਾਈ 2021 ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਭਵਿੱਖ ਵਿੱਚ ਸੰਭਾਵਿਤ ਤੁਫਾਨ ਅਤੇ ਅਸਮਾਨੀ ਬਿਜਲੀ ਨਾਲ ਲੋਕਾਂ, ਪਸ਼ੂਆਂ, ਫਸਲਾਂ ਅਤੇ ਹੋਰਾਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਡਿਫੈਂਸ ਬਟਾਲਾ ਇਕਾਈ ਦੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਸਾਰਿਆਂ ਨੂੰ ਅਗਾਉਂ ਤੌਰ ’ਤੇ ਮੌਸਮ ਸਬੰਧੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਪਹਿਲਾਂ ਤੋਂ ਹੀ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।
ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਘੱਟੋ ਘੱਟ ਪਹਿਲਾਂ ਮੌਸਮ ਦੀ ਜਾਣਕਾਰੀ ਹਾਸਲ ਕੀਤੀ ਜਾਵੇ, ਜੇ ਮੌਸਮ ਸਹੀ ਨਹੀਂ ਤਾਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ।ਉਨਾਂ ਕਿਹਾ ਕਿ ਖਰਾਬ ਮੌਸਮ ਵਿਚ ਖੇਤਾਂ ਵਿਚ ਕੰਮ ਕਰਨ, ਪਸ਼ੂਆਂ ਨੂੰ ਚਰਵਾਉਣ ਆਦਿ ਤੋਂ ਪਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਮੈਟਲ (ਧਾਤੂ) ਦੀ ਬਣੀ ਕਿਸੇ ਵੀ ਵਸਤੂ ਨੂੰ ਛੂਹਣ ਜਾਂ ਉਸਦੇ ਨੇੜੇ ਜਾਣ ਤੋਂ ਵੀ ਗੁਰੇਜ਼ ਕੀਤਾ ਜਾਵੇ।ਉਨਾਂ ਕਿਹਾ ਕਿ ਜੇਕਰ ਤੁਸੀਂ ਖਰਾਬ ਮੌਸਮ ਵਿਚ ਘਰ ਤੋਂ ਬਾਹਰ ਪਹਾੜਾਂ ਜਾਂ ਉੱਚੀਆਂ ਥਾਵਾਂ ’ਤੇ ਹੋ ਤਾਂ ਜਿੰਨਾ ਜਲਦੀ ਹੋ ਸਕੇ ਨੀਵੀਆਂ ਥਾਵਾਂ ’ਤੇ ਆ ਜਾਓ ਪਰ ਨੀਵੀ ਥਾਂ ਉਹ ਹੋਵੇ ਜਿਸ ’ਤੇ ਪਾਣੀ ਇਕਠਾ ਜਾਂ ਹੜ੍ਹ ਵਾਲੀ ਸਥਿਤੀ ਨਾ ਆ ਜਾਵੇ। ਇਸ ਤੋਂ ਇਲਾਵਾ ਜੇਕਰ ਤੁਹਾੜੇ ਗਰਦਨ ਦੇ ਕੋਲ ਵਾਲ ਖੜੇ ਹੋਣ ਜਾਂ ਝਰਾਹਟ ਪੈਦਾ ਹੋਵੇ ਤਾਂ ਇਹ ਵੀ ਖਤਰਾ ਹੋ ਸਕਦਾ ਹੈ ਜਲਦ ਕਿਸੇ ਸੁਰੱਖਿਅਤ ਥਾਂ ’ਤੇ ਜਾਇਆ ਜਾਵੇ।
ਉਨਾਂ ਕਿਹਾ ਕਿ ਛਪੜਾਂ, ਤਲਾਬਾਂ, ਝੀਲਾਂ ਅਤੇ ਹੋਰ ਪਾਣੀ ਵਾਲੀ ਸਰੋਤਾਂ ਤੋਂ ਦੂਰ ਰਿਹਾ ਜਾਵੇ।ਇਸ ਤੋਂ ਇਲਾਵਾ ਟੈਲੀਫੋਨ, ਬਿਜਲੀ, ਰੇਲਵੇ ਟਰੈਕ, ਬਾੜ ਵਾਲੀਆਂ ਤਾਰਾਂ ਤੋਂ ਵੀ ਪਾਸੇ ਰਿਹਾ ਜਾਵੇ। ਉਨਾਂ ਕਿਹਾ ਕਿ ਗਰੁੱਪ ਵਿਚ ਨਾ ਖੜਾ ਹੋਇਆ ਜਾਵੇ ਇਸ ਨਾਲ ਖਤਰਾ ਜਿਆਦਾ ਹੁੰਦਾ ਹੈ।ਉਨਾਂ ਕਿਹਾ ਕਿ ਖਰਾਬ ਮੌਸਮ ਸਮੇਂ ਵੱਡੇ ਰੁੱਖਾਂ ਦੀ ਥਾਂ ’ਤੇ ਛੋਟੇ ਰੁੱਖਾਂ ਦੇ ਹੇਠ ਖੜਿਆ ਜਾਵੇ। ਤੂਫਾਨ ਅਤੇ ਅਸਮਾਨੀ ਬਿਜਲੀ ਸਮੇਂ ਮੋਟਰਸਾਈਕਲ, ਬਿਜਲੀ, ਟੈਲੀਫੋਨ, ਮਸ਼ੀਨਾਂ, ਛੱਤਰੀ ਆਦਿ ਦੀ ਵਰਤੋਂ ਨਾ ਕੀਤੀ ਜਾਵੇ ਇਸ ਨਾਲ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਬਾਹਰ ਹੋ ਅਤੇ ਕੋਈ ਸੁਰੱਖਿਅਤ ਥਾਂ ਨਹੀਂ ਮਿਲ ਰਹੀ ਤਾਂ ਆਪਣੇ ਆਪ ਨੂੰ ਬਾਲ ਦੀ ਤਰਾਂ ਇਕਠਾ ਕਰ ਲਓ ਤੇ ਆਪਣੇ ਕੰਨਾਂ ਨੂੰ ਹਥਾਂ ਨਾਲ ਪੂਰੀ ਤਰਾਂ ਢੱਕ ਲਵੋ।
ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਘਰ ਵਿਚ ਹੋਣ ਸਮੇਂ ਖਤਰੇ ਤੋਂ ਬਚਣ ਲਈ ਘਰ ਦੀਆਂ ਬਾਰੀਆਂ, ਬੂਹੇ ਬੰਦ ਰਖੋ ਅਤੇ ਕੋਈ ਵੀ ਬਿਜਲੀ ਵਾਲੀ ਵਸਤੂ ਨਾ ਛੁਈ ਜਾਵੇ।ਸਾਰੀਆਂ ਬਿਜਲੀ ਵਾਲੀਆਂ ਵਸਤਾਂ ਜਿਵੇਂ ਕੰਪਿਉਟਰ, ਲੈਪਟਾਪ, ਡਰਾਈਰ, ਵਾਸ਼ਿੰਗ ਮਸ਼ੀਨ ਆਦਿ ਦੇ ਪਲਗ ਕੱਢ ਦਿੱਤੇ ਜਾਣ ਤਾਂ ਜੋ ਬਿਜਲੀ ਨੂੰ ਸਪਲਾਈ ਨਾ ਮਿਲ ਸਕੇ।ਇਸ ਤੋਂ ਇਲਾਵਾ ਬੱਚਿਆਂ, ਬਜੁਰਗਾਂ ਅਤੇ ਪਸ਼ੁਆਂ ਨੂੰ ਅੰਦਰ ਰੱਖਿਆ ਜਾਵੇ। ਫੁਆਰਾ ਨਾ ਛੱਡਿਆ ਜਾਵੇ, ਪਾਣੀ ਚਲਣ ਵਾਲੀ ਕੋਈ ਗਤੀਵਿਧੀ ਨਾ ਕੀਤੀ ਜਾਵੇ ਜਿਸ ਨਾਲ ਬਿਜਲੀ ਪਾਈਪਾਂ ਰਾਹੀਂ ਆ ਜਾਵੇ ਤੇ ਨੁਕਸਾਨ ਕਰ ਦੇਵੇ।ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ’ਤੇ ਬਿਜਲੀ ਡਿੱਗ ਜਾਂਦੀ ਹੈ ਤਾਂ ਉਸਨੂੰ ਤੁਰੰਤ ਹਸਪਤਾਲ ਵਿਖੇ ਲਿਜਾਇਆ ਜਾਵੇ, ਬਿਜਲੀ ਡਿੱਗਣ ਵਾਲੇ ਵਿਅਕਤੀ ਅੰਦਰ ਕੋਈ ਕਰੰਟ ਨਹੀਂ ਹੁੰਦਾ ਸੋ ਤੁਰੰਤ ਉਸਦੀ ਸਹਾਇਤਾ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਪੀੜਤ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਤਾਂ ਉਸਨੂੰ ਮੂੰਹ ਨਾਲ ਜਾਂ ਉਸਦੀ ਛਾਤੀ ਨੂੰ ਦਬਾ ਕੇ ਸਾਹ ਦਿੱਤਾ ਜਾਵੇ।
ਉਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1078 ’ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਅਕਤੀ ਆਪਣੇ ਮੋਬਾਈਲ ਦੇ ਪਲੇਅ ਸਟੋਰ ਵਿਖੇ ਜਾ ਕੇ ਇੰਗਲਿਸ਼ ਵਿਚ ਦਾਮਿਨੀ ਲਿਖ ਕੇ ਮੋਬਾਈਲ ਐਪ ਡਾਉਨਲੋਡ ਕਰ ਸਕਦੇ ਹਨ ਜਿਸ ਵਿਚ ਵਿਅਕਤੀ ਆਪਣੀ ਲੋਕੇਸ਼ਨ ਆਨ ਕਰਕੇ ਆਪਣੇ ਨੇੜੇ ਤੇੜੇ ਹੋਣ ਵਾਲੀ ਅਜਿਹੀ ਗਤੀਵਿਧੀਆਂ ਦਾ ਪਤਾ ਲਗਾ ਸਕਦਾ ਹੈ।

Spread the love