ਓਟ ਕਲੀਨਿਕ ਪੰਜਾਬ ਸਰਕਾਰ ਦਾ ਕਾਮਯਾਬ ਉਪਰਾਲਾ; 6 ਲੱਖ 72 ਹਜ਼ਾਰ ਨਸ਼ਿਆਂ ਦੇ ਮਰੀਜ਼ ਕਰਵਾ ਰਹੇ ਹਨ ਇਲਾਜ-ਬਲਬੀਰ ਸਿੰਘ ਸਿੱਧੂ
ਮਰੀਜ਼ਾਂ ਨੂੰ ਸਲਾਨਾ 70 ਕਰੋੜ ਰੁਪਏ ਦੀ ਦਵਾਈ ਦਿੱਤੀ ਜਾਂਦੀ ਹੈ ਮੁਫ਼ਤ
ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਵਿਚ ਹੋਈ ਹੈ ਕਮੀ
ਨਸਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਹਰੇਕ ਵਰਗ ਦੇ ਲੋਕਾਂ ਨੂੰ ਦੇਣਾ ਚਾਹੀਦਾ ਹੈ ਯੋਗਦਾਨ
ਵਰਚੁਅਲ ਮੀਟਿੰਗ ’ਚ ਸਰਕਾਰੀ ਕਾਲਜ ਮੋਹਾਲੀ ਤੋਂ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਨਸ਼ਿਆਂ ਵਿਰੁੱਧ ਸਾਝੇ ਕੀਤੇ ਆਪਣੇ ਵਿਚਾਰ
ਐਸ.ਏ.ਐਸ ਨਗਰ, 26 ਜੂਨ 2021
ਪੰਜਾਬ ਸਰਕਾਰ ਸੂਬੇ ਵਿੱਚੋ ਨਸਿ਼ਆਂ ਨੂੰ ਜੜ੍ਹੋ ਖ਼ਤਮ ਕਰਨ ਲਈ ਵੱਡੀ ਪੱਧਰ ’ਤੇ ਲਗਾਤਾਰ ਉਪਰਾਲੇ ਕਰ ਰਹੀ ਹੈ । ਇਸ ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੰਤਰ-ਰਾਸ਼ਟਰੀ ਨਸ਼ਾਖੋਰੀ ਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਇਆ ਗਿਆ । ਵਰਚੁਅਲ ਮਾਧਿਆਮ ਰਾਹੀ ਹੋਈ ਇਸ ਮੀਟਿੰਗ ’ਚ ਸਿਹਤ ’ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਜਿਥੇ ਨਸ਼ਿਆਂ ਦੀ ਸੱਪਲਾਈ ਚੇਨ ਤੋੜਨ ਲਈ ਭਰਪੂਰ ਉਪਰਾਲੇ ਕੀਤੇ ਗਏ ਹਨ ਉੱਥੇ ਨਸ਼ਿਆਂ ਦੀ ਮੰਗ ਨੂੰ ਰੋਕਣ ਲਈ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੂੰ ਡੈਪੋ ਅਤੇ ਬਡੀਜ਼ ਗਰੁੱਪ ਬਣਾ ਕੇ ਵੱਡੀ ਪੱਧਰ ’ਤੇ ਲੋਕਾਂ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸਿ਼ਆਂ ਦੇ ਖਾਤਮੇ ਲਈ ਹਰੇਕ ਜਿ਼ਲ੍ਹੇ ਵਿੱਚ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਖੋਲੇ ਗਏ ਹਨ। ਇਸ ਤੋਂ ਇਲਾਵਾ ਓਟ ਕਲੀਨਿਕ ਰਾਹੀਂ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਦੀ ਪਹਿਚਾਣ ਗੁਪਤ ਰੱਖ ਕੇ ਮੁਫਤ ਇਲਾਜ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਓਟ ਕਲੀਨਿਕ ਪੰਜਾਬ ਸਰਕਾਰ ਦਾ ਕਾਮਯਾਬ ਉਪਰਾਲਾ ਹੈ। ਇਸ ਸਮੇਂ ਤਕਰੀਬਨ 6 ਲੱਖ 72 ਹਜ਼ਾਰ ਨਸ਼ਿਆਂ ਦੇ ਮਰੀਜ਼ ਇਲਾਜ ਕਰਵਾ ਰਹੇ ਹਨ । ਇਲਾਜ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੇ ਅੱਗੇ ਆਉਣ ਦਾ ਕਾਰਨ ਲੋਕਾਂ ਵਿਚ ਨਸ਼ਿਆਂ ਵਿਰੁੱਧ ਆਈ ਜਾਗ੍ਰਿਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਘਰਦੇ ਆਪਣੇ ਬੱਚਿਆਂ ਦੀ ਨਸ਼ੇ ਦੀ ਆਦਤ ਤੇ ਪਰਦਾ ਪਾਉਂਦੇ ਸਨ ਪਰ ਹੁਣ ਉਨਾਂ ਦਾ ਇਲਾਜ ਪ੍ਰਤੀ ਵਿਸ਼ਵਾਸ ਬਝਿਆ ਹੈ ਤੇ ਮਾਂ- ਬਾਪ ਆਪ ਬੱਚਿਆਂ ਨੂੰ ਓਟ ਕਲਿਨੀਕਾਂ ਵਿਚ ਲਿਆ ਰਹੇ ਹਨ।
ਸ. ਬਲਬੀਰ ਸਿੱਧੂ ਨੇ ਦੱਸਿਆ ਕਿ ਨਸ਼ਾਮੁਕਤੀ ਲਈ ਸਿਹਤ ਵਿਭਾਗ ਵਲੋਂ ਮਰੀਜ਼ਾਂ ਨੂੰ ਸਲਾਨਾ 70 ਕਰੋੜ ਰੁਪਏ ਦੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਪਿੱਛਲੀ ਸਰਕਾਰ ਵੇਲੇ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਰੋਜ਼ਾਨਾ ਪੜ੍ਹਨ -ਸੁਣਨ ਨੂੰ ਮਿਲਦੀਆਂ ਸੀ ਪਰ ਹੁਣ *ਨਸ਼ੇ ਘਟੇ ਤੇ ਇਲਾਜ ਵਧੇ ਨੇ*, ਜਿਸ ਸਦਕਾ ਟਾਂਵੀ- ਟਾਂਵੀ ਕੋਈ ਅਜਿਹੀ ਘਟਨਾ ਹੁਣ ਵਾਪਰਦੀ ਹੈ।
ਉਨ੍ਹਾਂ ਕਿਹਾ ਕਿ ਨਸਿ਼ਆਂ ਦਾ ਸੇਵਨ ਕਰਨ ਵਾਲਾ ਵਿਅਕਤੀ ਜਿਥੇ ਸਰੀਰਕ ਅਤੇ ਆਰਥਿਕ ਪੱਖੋਂ ਖ਼ਤਮ ਹੋ ਜਾਂਦਾ ਹੈ ਉਥੇ ਹੀ ਉਸ ਦਾ ਸਮਾਜ ਵਿੱਚ ਵੀ ਗਲਤ ਪ੍ਰਭਾਵ ਪੈਂਦਾ ਹੈ। ਇਸ ਲਈ ਇੱਕ ਨਰੋਏ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਕੂਲੀ ਬੱਚਿਆ ਦੇ ਸਲੇਬਸ ਵਿੱਚ ਨਸ਼ਾ ਵਿਰੁੱਧੀ ਕਿਤਾਬ ਲਗਾਈ ਜਾਵੇ ਤਾਂ ਜੋ ਸ਼ੁਰੂਆਤੀ ਦੌਰ ਵਿੱਚ ਹੀ ਬੱਚੇ ਨਸ਼ਿਆ ਦੇ ਗਲਤ ਪ੍ਰਭਾਵਾ ਬਾਰੇ ਜਾਣੂ ਹੋ ਸਕਣ। ਉਨ੍ਹਾਂ ਇਹ ਵੀ ਸੁਜਾਓ ਦਿੱਤਾ ਕਿ ਨਸ਼ਿਆ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਅਮਲੀ ਜਾਂ ਨਸ਼ੇੜੀ ਕਹਿਣ ਦੀ ਬਜਾਏ ਮਾਨਸਿਕ ਤੌਰ ਤੇ ਬਿਮਾਰ ਸਬਦ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਹੀਣ ਭਾਵਨਾ ਨਾ ਮਹਿਸੂਸ ਹੋਵੇ।
ਵਰਚੁਅਲ ਮਾਧਿਆਮ ਰਾਹੀ ਹੋਈ ਮੀਟਿੰਗ ਵਿੱਚ ਸਰਕਾਰੀ ਕਾਲਜ ਮੋਹਾਲੀ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਝੇ ਕੀਤੇ ਕਿਰਨ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋ ਬਡੀ ਗਰੁੱਪ ਵਿੱਚ ਕੰਮ ਕਰ ਰਹੀ ਹੈ । ਜਿਸ ਤਹਿਤ ਨਸ਼ਿਆ ਖਿਲਾਫ ਨੁੱਕੜ ਨਾਟਕ , ਪੋਸਟਰਮੇਕਿੰਗ ਮੁਕਾਬਲੇ ਅਤੇ ਭਾਸਣ ਦੇ ਕੇ ਲੋਕਾ ਨੂੰ ਨਸਿਆ ਦੇ ਮਾੜੂ ਪ੍ਰਭਾਵਾ ਬਾਰੇ ਜਾਗਰੂਕ ਕੀਤਾ ਜਾਦਾ ਹੈ ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ, ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਧੀਕ ਡਿਪਟੀਕਮਿਸ਼ਨਰ (ਵਿਕਾਸ) ਰਜੀਵ ਕੁਮਾਰ ਗੁਪਤਾ, ਐਸ.ਪੀ ਦਿਹਾਤੀ ਰਵਜੋਤ ਗਰੇਵਾਰ , ਡਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਡਾ. ਜੀ.ਬੀ ਸਿੰਘ, ਸਹਾਇਕ ਕਮਿਸ਼ਨਰ (ਸਕਾਇਤਾ)ਹਰਕੀਰਤ ਕੌਰ ਚਾਨੇ, ਸਹਾਇਕ ਕਮਿਸ਼ਨਰ ਜਰਨਲ ਤਰਸੇਮ ਚੰਦ, ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮਛਲੀਕਲਾਂ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।