ਪ੍ਰਧਾਨ ਮੰਤਰੀ ਆਵਾਸ ਯੋਜਨਾ ਬਦੌਲਤ ਪੱਕੇ ਮਕਾਨਾਂ ਦਾ ਸੁਪਨਾ ਹੋਇਆ ਪੂਰਾ

Sorry, this news is not available in your requested language. Please see here.

ਸਕੀਮ ਤਹਿਤ 53 ਨਵੇਂ ਮਕਾਨ ਲਾਭਪਾਤਰੀਆਂ ਨੂੰ ਸੌਂਪੇ: ਡਿਪਟੀ ਕਮਿਸ਼ਨਰ
ਪ੍ਰਤੀ ਲਾਭਪਾਤਰੀ 1.20 ਲੱਖ ਰੁਪਏ ਤੇ 90 ਦਿਹਾੜੀਆਂ ਦਾ ਦਿੱਤਾ ਜਾਂਦੈ ਮਿਹਨਤਾਨਾ
ਬਰਨਾਲਾ, 2 ਅਗਸਤ 2021
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਣਾਏ ਗਏ ਮਕਾਨ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਇਸ ਯੋਜਨਾ ਅਧੀਨ ਮਕਾਨ ਬਣਾਉਣ ਲਈ ਲੋੜਵੰਦਾਂ ਨੂੰ ਜਿੱਥੇ 1.20 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ, ਉਥੇ 90 ਦਿਹਾੜੀਆਂ ਦਾ ਮਿਹਨਤਾਨਾ ਵੀ ਦਿੱਤਾ ਜਾਂਦਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰੰਘ ਫੂਲਕਾ ਨੇ ਦੱਸਿਆ ਕਿ ਬੀਤੇ ਵਰੇ ਟੀਚੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਸਕੀਮ ਤਹਿਤ ਜ਼ਿਲਾ ਬਰਨਾਲਾ ਨੇ 54 ਨੂੰ ਬਣਾਉਣ ਦਾ ਟੀਚਾ ਮੁਕੰਮਲ ਕਰ ਲਿਆ ਹੈ। ਬੀਤੇ ਸਮੇਂ ਜ਼ਿਲਾ ਬਰਨਾਲਾ ਦੇ ਟਾਰਗੇਟ ਅਧੀਨ ਬਲਾਕ ਬਰਨਾਲਾ ਅਧੀਨ 14 ਘਰ, ਬਲਾਕ ਸ਼ਹਿਣਾ ਅਧੀਨ 20, ਬਲਾਕ ਮਹਿਲਕਲਾਂ ਅਧੀਨ 20 ਘਰ ਚੁਣੇ ਗਏ ਸਨ। ਕੁੱਲ 54 ਘਰਾਂ ਵਿੱਚੋਂ ਸ਼ਹਿਣਾ ਦੇ ਇੱਕ ਲਾਭਪਾਤਰੀ ਵੱਲੋਂ ਘਰ ਨਾ ਬਣਾਉਣ ਦੀ ਇੱਛਾ ਨਾਲ ਕਿਸ਼ਤ ਵਾਪਸ ਕੀਤੀ ਗਈ ਅਤੇ ਬਾਕੀ 53 ਘਰਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਆਵਾਸ ਪਲੱਸ ਪੋਰਟਲ ’ਤੇ ਜ਼ਿਲਾ ਬਰਨਾਲਾ ਦੇ ਪਿੰਡਾਂ ਨਾਲ ਸਬੰਧਤ 3656 ਘਰਾਂ ਨੂੰ ਰਜਿਸਟਰ ਕੀਤਾ ਗਿਆ ਹੈ, ਜਿਨਾਂ ਦੀ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ। ਸਰਕਾਰ ਵੱਲੋਂ ਪ੍ਰਵਾਨਗੀ ਅਤੇ ਟੀਚਾ ਮਿਲਣ ’ਤੇ ਯੋਗ ਘਰਾਂ ਨੂੰ ਮਨਜ਼ੂਰ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀ ਨੂੰ 1 ਲੱਖ 20 ਹਜ਼ਾਰ ਰੁਪਏ ਤਿੰਨ ਕਿਸ਼ਤਾਂ ਵਿਚ ਦਿੱਤੇ ਜਾਂਦੇ ਹਨ। ਪਹਿਲੀ ਕਿਸ਼ਤ 30 ਹਜ਼ਾਰ ਰੁਪਏ ਮਕਾਨ ਸ਼ੁਰੂ ਕਰਨ ਵੇਲੇ, ਦੂਜੀ ਕਿਸ਼ਤ 72 ਹਜ਼ਾਰ ਰੁਪਏ ਲੈਂਟਰ ਪੈਣ ਤੱਕ ਤੇ ਤੀਜੀ ਕਿਸ਼ਤ 18 ਹਜ਼ਾਰ ਰੁਪਏ ਘਰ ਮੁਕੰਮਲ ਹੋਣ ਤੋਂ ਬਾਅਦ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਆਪਣੇ ਘਰ ਵਿਚ ਕੰਮ ਕਰਨ ’ਤੇ ਮਗਨਰੇਗਾ ਤਹਿਤ 90 ਦਿਹਾੜੀਆਂ ਦਾ ਮਿਹਨਤਾਨਾ ਦਿੱਤਾ ਜਾਂਦਾ ਹੈ।
ਉਨਾਂ ਦੱਸਿਆ ਕਿ ਐਸਈਸੀਸੀ ਡੇਟਾ ਅਧੀਨ ਆਉਦੇ ਪਰਿਵਾਰਾਂ ਨੂੰ ਸਕੀਮ ਦਾ ਲਾਭ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਢਾਈ ਲੱਖ ਸਲਾਨਾ ਤੋਂ ਘੱਟ ਆਮਦਨ ਵਾਲੇ ਅਤੇ ਕੁਝ ਹੋਰ ਮਾਪਦੰਡਾਂ ’ਤੇ ਖਰੇ ਉਤਰਦੇ ਪਰਿਵਾਰ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਹਾਲ ਦੀ ਘੜੀ ਨਵੀਂ ਰਜਿਸਟ੍ਰੇਸ਼ਨ ਬੰਦ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਜਗਸੀਰ ਸਿੰਘ ਵਾਸੀ ਦਰਾਕਾ ਨੇ ਆਖਿਆ ਕਿ ਉਸ ਦਾ ਪੱਕਾ ਮਕਾਨ ਬਣਾਉਣ ਦਾ ਸੁਪਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਬਦੌਲਤ ਪੂਰਾ ਹੋਇਆ ਹੈ, ਜਿਸ ਲਈ ਉਹ ਸਰਕਾਰ ਦੇ ਧੰਨਵਾਦੀ ਹਨ।

Spread the love