ਪੀ.ਸੀ.ਵੀ. ਵੈਕਸੀਨ ’ਤੇ ਜ਼ਿਲ੍ਹਾ ਪੱਧਰੀ ਇਕ ਦਿਨਾ ਟ੍ਰੇਨਿੰਗ ਕਰਵਾਈ ਗਈ
ਜਲਦ ਹੀ ਨਿਯਮਤ ਟੀਕਾਕਰਨ ਪ੍ਰੋਗਰਾਮ ਵਿਚ ਸ਼ਾਮਲ ਹੋਵੇਗੀ ਵੈਕਸੀਨ
ਨਵਾਂਸ਼ਹਿਰ, 13 ਅਗਸਤ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿਖੇ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਸੀਨੀਅਰ ਮੈਡੀਕਲ ਅਫਸਰਾਂ, ਬਲਾਕ ਨੋਡਲ ਮੈਡੀਕਲ ਅਫਸਰਾਂ ਸਮੇਤ ਬਲਾਕ ਐਕਸਟੈਂਸ਼ਨ ਐਜੂਕੇਟਰਜ਼ ਤੇ ਐੱਲ.ਐੱਚ.ਵੀਜ਼ ਨੇ ਭਾਗ ਲਿਆ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਟ੍ਰੇਨਿੰਗ ਦੀ ਸ਼ੁਰੂਆਤ ਵਿਚ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ.) ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਾਸਤੇ ਜਲਦ ਹੀ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ.) ਨੂੰ ਨਿਯਮਤ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ।ਇਸ ਦੀ ਸ਼ੁਰੂਆਤ 2017 ਵਿਚ 5 ਸੂਬਿਆਂ ਬਿਹਾਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼, ਰਾਜਸਥਾਨ ਵਿੱਚ ਕੀਤੀ ਗਈ ਸੀ ਜੋ ਹੁਣ ਪੂਰੇ ਦੇਸ਼ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਵੈਕਸੀਨ ਕੇਵਲ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲੱਬਧ ਸੀ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਬੱਚਿਆਂ ਦੀ ਮੌਤ ਦਾ ਇਕ ਵੱਡਾ ਕਾਰਨ ਨਮੂਨੀਆ ਹੈ ਤੇ ਇਹ ਟੀਕਾਕਰਨ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਲਾਭਕਾਰੀ ਹੋਵੇਗਾ। ਇਹ ਟੀਕਾ ਮਾਰਕਿਟ ਵਿਚ ਬਹੁਤ ਮਹਿੰਗਾ ਹੈ ਪਰ ਸਰਕਾਰ ਵੱਲੋਂ ਇਹ ਨਿਯਮਤ ਟੀਕਾਕਰਨ ਪੋ੍ਗਰਾਮ ਤਹਿਤ ਬੱਚਿਆਂ ਨੂੰ ਮੁਫਤ ਦਿੱਤਾ ਜਾਵੇਗਾ।
ਇਸ ਟ੍ਰੇਨਿੰਗ ਵਿਚ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦੇ ਸਰਵੀਲੈਂਸ ਮੈਡੀਕਲ ਅਫ਼ਸਰ ਡਾ. ਗਗਨ ਸ਼ਰਮਾ ਨੇ ਨਿਊਮੋਕੋਕਲ ਨਿਊਮੋਨੀਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਗੰਭੀਰ ਸਾਹ ਦੀ ਲਾਗ ਹੈ, ਜਿਸ ਵਿੱਚ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ, ਬੁਖਾਰ, ਖੰਘ ਆਦਿ ਹੁੰਦੀ ਹੈ ਅਤੇ ਸਾਹ ਦੇ ਨਾਲ ਖੰਘ ਅਤੇ ਛਿੱਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਲਦ ਹੀ ਬੱਚਿਆਂ ਨੂੰ ਨਿਊਮੋਕੋਕਲ ਨਿਊਮੋਨੀਆ ਤੋਂ ਬਚਣ ਦੇ ਲਈ ਨਿਊਮੋਕੋਕਲ ਕੰਜੂਗੇਟ ਵੈਕਸੀਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਡਾ. ਸ਼ਰਮਾ ਨੇ ਅੱਗੇ ਦੱਸਿਆ ਕਿ ਨਿਯਮਤ ਟੀਕਾਕਰਨ ਪ੍ਰੋਗਰਾਮ ਦੇ ਅਧੀਨ ਪੀ.ਸੀ.ਵੀ. ਦੇ ਟੀਕੇ ਦੀਆਂ ਤਿੰਨ ਖੁਰਾਕਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੀ.ਸੀ.ਵੀ. ਪੂਰੀ ਤਰ੍ਹਾਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਟੀਕਾ ਹੈ। ਪੀ.ਸੀ.ਵੀ. ਦੀ 2 ਪ੍ਰਾਇਮਰੀ ਅਤੇ 1 ਬੂਸਟਰ ਡੋਜ਼ ਹੋਵੇਗੀ। ਪਹਿਲੀ ਪ੍ਰਾਇਮਰੀ ਖੁਰਾਕ 6 ਹਫਤੇ, ਦੂਜੀ ਪ੍ਰਾਇਮਰੀ ਖੁਰਾਕ 14 ਹਫਤੇ ਅਤੇ ਬੂਸਟਰ ਖੁਰਾਕ 9 ਮਹੀਨੇ ਪੂਰੇ ਹੋਣ ’ਤੇ ਦਿੱਤੀ ਜਾਣੀ ਹੈ। ਪੀ.ਸੀ.ਵੀ. ਵੈਕਸੀਨ ਬੱਚਿਆਂ ਦੀਆਂ ਨਿਊਮੋਕੋਕਲ ਬਿਮਾਰੀ ਦੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਾਏਗਾ। ਪੀ.ਸੀ.ਵੀ. ਟੀਕਾਕਰਨ ਨਾ ਸਿਰਫ ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਨੂੰ ਬਚਾਏਗਾ, ਬਲਕਿ ਨਿਮੋਨੀਆ ਦੀ ਬਿਮਾਰੀ ਦੇ ਹੋਰ ਬੱਚਿਆਂ ਵਿੱਚ ਫੈਲਣ ਦੇ ਖਤਰੇ ਨੂੰ ਘੱਟ ਕਰੇਗਾ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ ਨੇ ਦੱਸਿਆ ਕਿ ਬੱਚਿਆਂ ਨੂੰ ਜਨਮ ਤੋਂ ਬਾਅਦ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ-ਸਮੇਂ ਸਿਹਤ ਵਿਭਾਗ ਵੱਲੋਂ ਨਿਰਧਾਰਤ ਟੀਕਾਕਰਨ ਕਰਵਾਉਣਾ ਅਤੀ ਜ਼ਰੂਰੀ ਹੈ। ਟੀਕਾਕਰਨ ਕਰਵਾਉਣ ਨਾਲ ਬੱਚੇ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਊਸ਼ਾ ਕਿਰਨ, ਡਾ. ਕੁਲਵਿੰਦਰ ਮਾਨ, ਡਾ ਕਵਿਤਾ ਭਾਟੀਆ, ਡਾ ਮਨਦੀਪ ਕਮਲ, ਡਾ ਹਰਬੰਸ ਸਿੰਘ. ਡਾ ਰਵਿੰਦਰ ਸਿੰਘ, ਡਾ ਗੁਰਿੰਦਰਜੀਤ ਸਿੰਘ, ਡਾ ਸੋਨੀਆ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਵਿਕਾਸ ਵਿਰਦੀ, ਹਰਪ੍ਰੀਤ ਸਿੰਘ, ਹਰਕੀਰਤ ਸਿੰਘ, ਨਿਰਮਲ ਸਿੰਘ ਸਮੇਤ ਐੱਲ.ਐੱਚ.ਵੀ ਹਾਜ਼ਰ ਸਨ।