ਬਟਾਲਾ ਦੇ ਨੌਜਵਾਨ ਜਤਿੰਦਰ ਸਿੰਘ ਨੇ ਪੋਲਟਰੀ ਫਾਰਮਿੰਗ ਦੇ ਖੇਤਰ ਵਿੱਚ ਸਫਲਤਾ ਦੇ ਝੰਡੇ ਗੱਡੇ

Sorry, this news is not available in your requested language. Please see here.

120 ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਵੀ ਪੋਲਟਰੀ ਫਾਰਮਿੰਗ ਨਾਲ ਜੋੜਿਆ
ਪੋਲਟਰੀ ਫਾਰਮਿੰਗ ਦਾ ਧੰਦਾ ਸ਼ੁਰੂ ਕਰਕੇ ਕਿਸਾਨ ਕਮਾ ਸਕਦੇ ਹਨ ਲੱਖਾਂ ਰੁਪਏ : ਜਤਿੰਦਰ ਸਿੰਘ
ਬਟਾਲਾ, 19 ਅਗਸਤ 2021‘ਮਿਹਨਤ ਅੱਗੇ ਲਕਸ਼ਮੀ ਤੇ ਪੱਖੇ ਅੱਗੇ ਪੌਣ’ ਕਹਾਵਤ ਨੂੰ ਬਟਾਲਾ ਦੇ ਨੌਜਵਾਨ ਜਤਿੰਦਰ ਸਿੰਘ ਨੇ ਸੱਚ ਕਰ ਦਿਖਾਇਆ ਹੈ। ਜਤਿੰਦਰ ਸਿੰਘ ਨੇ ਆਪਣੀ ਮਿਹਨਤ ਸਦਕਾ ਜਿਥੇ ਪੋਲਟਰੀ ਫਾਰਮਿੰਗ ਦੇ ਖੇਤਰ ਵਿੱਚ ਕਰੋੜਾਂ ਰੁਪਏ ਦਾ ਆਪਣਾ ਬਿਸਨੈੱਸ ਸਥਾਪਤ ਕੀਤਾ ਹੈ ਉਥੇ 120 ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਵੀ ਪੋਲਟਰੀ ਫਾਰਮ ਦੇ ਲਾਹੇਵੰਦੇ ਧੰਦੇ ਨਾਲ ਜੋੜਿਆ ਹੈ। ਇਸ ਸਮੇਂ ਜਤਿੰਦਰ ਸਿੰਘ ਪਿੰਡ ਪੰਜਗਰਾਈਆਂ ਵਿਖੇ 4 ਏਕੜ ਰਕਬੇ ਵਿੱਚ ਆਪਣੀ ‘ਪਰਫੈਕਟ ਪੋਲਟਰੀ’ ਨਾਮ ਦੀ ਆਪਣੀ ਫਰਮ ਬੜੀ ਸਫਲਤਾ ਨਾਲ ਚਲਾ ਰਹੇ ਹਨ ਅਤੇ ਇਸ ਤੋਂ ਇਲਾਵਾ ਵੱਲੋਂ ਪੋਲਟਰੀ ਪ੍ਰੋਡੱਕਟਸ ਵੀ ਬਣਾਏ ਜਾ ਰਹੇ ਹਨ। ਜਤਿੰਦਰ ਸਿੰਘ ਨੇ ਜਿਥੇ ਪੋਲਟਰੀ ਦਾ ਧੰਦਾ ਸ਼ੁਰੂ ਕਰਕੇ ਸਫਲਤਾ ਹਾਸਲ ਕੀਤੀ ਹੈ ਉਥੇ ਉਸਨੇ ਆਪਣੇ ਪੋਲਟਰੀ ਫਾਰਮ ਵਿੱਚ 100 ਦੇ ਕਰੀਬ ਸਥਾਨਕ ਨੌਜਵਾਨਾਂ ਨੂੰ ਪੱਕੇ ਤੌਰ ’ਤੇ ਰੁਜ਼ਗਾਰ ਵੀ ਦਿੱਤਾ ਹੋਇਆ ਹੈ।
ਜਤਿੰਦਰ ਸਿੰਘ ਨੇ ਆਪਣੀ ਸਫਲਤਾ ਦੀ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ ਉਨਾਂ ਦੇ ਪਿਤਾ ਗੁਰਮੀਤ ਸਿੰਘ ਨੇ 1990 ਦੇ ਦਹਾਕੇ ਵਿੱਚ ਪੋਲਟਰੀ ਫਾਰਮਿੰਗ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਨਾਂ ਨੇ ਆਪਣੇ ਪਿਤਾ ਦੇ ਇਸ ਕੰਮ ਵਿੱਚ ਡੱਟ ਕੇ ਸਾਥ ਦਿੱਤਾ ਅਤੇ ਇਸ ਕੰਮ ਨੂੰ ਵਿਗਿਆਨਿਕ ਢੰਗ ਨਾਲ ਹੋਰ ਵਧਾਇਆ। ਇਸ ਸਮੇਂ ਉਨਾਂ ਨੇ ਪਿੰਡ ਪੰਜਗਰਾਈਆਂ ਵਿਖੇ 3 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਤਕਨੀਕ ਵਾਲਾ ਪੋਲਟਰੀ ਦਾ ਬਰੀਡਿੰਗ ਫਾਰਮ ਅਤੇ ਹੈਚਰੀ ਸਥਾਪਤ ਕੀਤੀ ਹੈ। ਇਸ ਬਰੀਡਿੰਗ ਫਾਰਮ ਦੀ ਸਮਰੱਥਾ ਇੱਕ ਵਾਰ ਵਿੱਚ 35000 ਚੂਚੇ ਤਿਆਰ ਕਰਨ ਦੀ ਹੈ ਅਤੇ ਇਸ ਸਮੇਂ ਹਰ ਰੋਜ਼ 10000 ਚੂਚੇ ਇਸ ਫਾਰਮ ਵਿਚੋਂ ਪੈਦਾ ਕਰਕੇ ਕਿਸਾਨਾਂ ਨੂੰ ਸਪਲਾਈ ਕੀਤੇ ਜਾ ਰਹੇ ਹਨ।
ਜਤਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਫਾਰਮ ਦੇ ਦੋ ਭਾਗ ਹਨ ਜਿਸ ਵਿੱਚ ਪਹਿਲਾ ਭਾਗ ਬਰੀਡਿੰਗ ਫਾਰਮ ਹੈ ਜਿਸ ਵਿੱਚ 22000 ਦੇ ਕਰੀਬ ਮੁਰਗੇ-ਮੁਰਗੀਆਂ ਹਨ। ਬਰੀਡਿੰਗ ਫਾਰਮ ਵਿੱਚ ਮੁਰਗੀਆਂ ਵਲੋਂ ਹਰ ਰੋਜ਼ ਕਰੀਬ 10000 ਆਂਡੇ ਦਿੱਤੇ ਜਾਂਦੇ ਹਨ ਜਿਨਾਂ ਨੂੰ ਪ੍ਰੋਸੈੱਸ ਕਰਕੇ ਚੂਚੇ ਤਿਆਰ ਕਰਨ ਲਈ ਹੈਚਰੀ ਵਿੱਚ 21 ਦਿਨ ਵਾਸਤੇ ਇੱਕ ਖਾਸ ਤਾਮਪਾਨ ਹੇਠ ਰੱਖਿਆ ਜਾਂਦਾ ਹੈ। 21 ਦਿਨਾਂ ਬਾਅਦ ਜਦੋਂ ਆਂਡਿਆਂ ਵਿਚੋਂ ਚੂਚੇ ਨਿਕਲਦੇ ਹਨ ਤਾਂ ਇਨਾਂ ਦੀ ਵੈਕਸੀਨੇਸ਼ਨ ਕਰਕੇ 72 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਪੋਲਟਰੀ ਫਾਰਮ ਲਈ ਸਪਲਾਈ ਕਰ ਦਿੱਤੇ ਜਾਂਦੇ ਹਨ। ਕਿਸਾਨਾਂ ਵਲੋਂ ਆਪਣੇ ਪੋਲਟਰੀ ਫਾਰਮ ਵਿੱਚ ਇਨਾਂ ਚੂਚਿਆਂ ਨੂੰ ਪਾਲਿਆ ਜਾਂਦਾ ਹੈ ਜਿਸਦਾ ਸਾਰਾ ਖਰਚਾ ਉਨਾਂ ਵਲੋਂ ਦਿੱਤਾ ਜਾਂਦਾ ਹੈ। ਜਤਿੰਦਰ ਸਿੰਘ ਦੀ ਫਰਮ ਵਲੋਂ ਕਿਸਾਨਾਂ ਕੋਲੋਂ ਜਦੋਂ 6 ਮਹੀਨੇ ਬਾਅਦ ਮੁਰਗੇ-ਮੁਰਗੀਆਂ ਲਏ ਜਾਂਦੇ ਹਨ ਤਾਂ ਉਹ ਇਨਾਂ ਨੂੰ ਚਿਕਨ ਪ੍ਰੋਸੈਸਿੰਗ ਪਲਾਂਟ ਵਿੱਚ ਵੇਚ ਦਿੰਦੇ ਹਨ ਜਿਥੋਂ ਇਹ ਚਿਕਨ ਅੱਗੇ ਬਜ਼ਾਰ ਵਿੱਚ ਵਿਕਣ ਲਈ ਚਲਾ ਜਾਂਦਾ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ਬਰੀਡਿੰਗ ਫਾਰਮ ਤੋਂ ਇਲਾਵਾ ਉਨ੍ਹਾਂ ਵੱਲੋਂ ਥਰੀਏਵਾਲ ਵਿਖੇ ਪੋਲਟਰੀ ਪ੍ਰੋਡੱਕਟਸ ਵੀ ਬਣਾਏ ਜਾ ਰਹੇ ਹਨ।
ਜਤਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਭਰ ਦੇ 120 ਤੋਂ ਵੱਧ ਕਿਸਾਨ ਪਰਿਵਾਰ ਉਨਾਂ ਦੀ ਫਰਮ ਨਾਲ ਜੁੜੇ ਹੋਏ ਹਨ ਅਤੇ ਉਨਾਂ ਨੇ ਆਪੋ-ਆਪਣੇ ਪੋਲਟਰੀ ਫਾਰਮ ਸ਼ੁਰੂ ਕੀਤੇ ਹਨ। ਕਿਸਾਨਾਂ ਦੇ ਪੋਲਟਰੀ ਫਾਰਮ ਨੂੰ ਚੂਚੇ ਉਨਾਂ ਦੀ ਫਰਮ ਵਲੋਂ ਸਪਲਾਈ ਕੀਤੇ ਜਾਂਦੇ ਹਨ ਅਤੇ ਸਮਝੌਤੇ ਤਹਿਤ ਚੂਚੇ ਪਲ ਜਾਣ ’ਤੇ ਕਿਸਾਨਾਂ ਨੂੰ ਲਾਗਤ ਦੇ ਨਾਲ ਮੁਨਾਫ਼ਾ ਦੇ ਕੇ ਵਾਪਸ ਉਨਾਂ ਕੋਲੋਂ ਖਰੀਦ ਲਏ ਜਾਂਦੇ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਵੀ ਇਸ ਕੰਮ ਵਿੱਚ ਚੋਖਾ ਮੁਨਾਫਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਛੋਟੇ ਕਿਸਾਨਾਂ ਲਈ ਪੋਲਟਰੀ ਫਾਰਮਿੰਗ ਦਾ ਸਹਾਇਕ ਧੰਦਾ ਬਹੁਤ ਲਾਹੇਵੰਦਾ ਹੈ ਅਤੇ ਇਸਨੂੰ ਸ਼ੁਰੂ ਕਰਕੇ ਕਿਸਾਨਾਂ ਆਪਣੀ ਆਮਦਨ ਨੂੰ ਲੱਖਾਂ ਰੁਪਏ ਤੱਕ ਵਧਾ ਸਕਦੇ ਹਨ। ਉਨਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਪੋਲਟਰੀ ਫਾਰਮਿੰਗ ਸ਼ੁਰੂ ਕਰਨ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਮਦਨ ਨੂੰ ਵਧਾਉਣ ਲਈ ਪੋਲਟਰੀ ਫਾਰਮਿੰਗ ਦਾ ਧੰਦਾ ਸ਼ੁਰੂ ਕਰਕੇ ਆਰਥਿਕ ਤੌਰ ’ਤੇ ਖੁਸ਼ਹਾਲ ਹੋ ਸਕਦੇ ਹਨ।

Spread the love