ਬਜ਼ੁਰਗਾਂ ਦੀ ਮਦਦ ਲਈ ਹੈਲਪਲਾਈਨ ਨੰਬਰ 14567 ਜਾਰੀ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ

Sorry, this news is not available in your requested language. Please see here.

ਕਿਸੇ ਵੀ ਤਰ੍ਹਾਂ ਦੀ ਮਦਦ ਲਈ ਸੰਪਰਕ ਕਰ ਸਕਦੇ ਹਨ ਬਜ਼ੁਰਗ
ਮੋਹਾਲੀ, 1 ਜੁਲਾਈ 2021 ਬਜ਼ੁਰਗਾਂ ਦੀ ਸਿਹਤ ਸੰਭਾਲ ਸਬੰਧੀ ਰਾਸ਼ਟਰੀ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦੁਆਰਾ ਬਜ਼ੁਰਗਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਸਮਾਜਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੁਆਰਾ ਹੈਲਪ ਏਜ ਇੰਡੀਆ ਦੇ ਸਹਿਯੋਗ ਨਾਲ ਬਜ਼ੁਰਗਾਂ ਦੀ ਮਦਦ ਲਈ ਰਾਸ਼ਟਰੀ ਹੈਲਪਲਾਈਨ ਨੰਬਰ 14567 ਜਾਰੀ ਕੀਤਾ ਗਿਆ ਹੈ। ਇਹ ਹੈਲਪਲਾਈਨ ਨੰਬਰ ਬਜ਼ੁਰਗਾਂ ਦੀ ਮਦਦ ਅਤੇ ਸਹਿਯੋਗ ਲਈ ਜਾਰੀ ਕੀਤਾ ਗਿਆ ਹੈ। ਜਿਥੇ ਇਹ ਹੈਲਪਲਾਈਨ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਭਾਵਨਾਤਮਕ ਤੌਰ ’ਤੇ ਮਦਦ ਕਰੇਗੀ, ਉਥੇ ਇਸ ਵਿਚ ਓਲਡ ਏਜ ਹੋਮਜ਼ ਅਤੇ ਬਜ਼ੁਰਗਾਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਬਾਰੇ ਵੀ ਦਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸੇ ਵੀ ਹਿੱਸੇ ਵਿਚੋਂ ਕੋਈ ਵੀ ਬਜ਼ੁਰਗ ਇਸ ਹੈਲਪਲਾਈਨ ’ਤੇ ਮਦਦ ਲਈ ਫ਼ੋਨ ਕਰ ਸਕਦਾ ਹੈ। ਆਵਾਜ਼ ਨੂੰ ਰੀਕਾਰਡ ਕੀਤੀ ਜਾਵੇਗੀ ਅਤੇ ਸਬੰਧਤ ਜ਼ਿਲ੍ਹੇ ਦੇ ਭਲਾਈ ਅਧਿਕਾਰੀ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿਤੀ ਜਾਵੇਗੀ। ਜੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ ਤਾਂ ਉਹ ਹੈਲਪਲਾਈਨ ਨੰਬਰ 104 ’ਤੇ ਫ਼ੋਨ ਕਰ ਸਕਦੇ ਹਨ।
ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਅਤੇ ਨੋਡਲ ਅਫ਼ਸਰ ਡਾ. ਨਿਧੀ ਨੇ ਦਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਇਸ ਸਬੰਧ ਵਿਚ ਪੱਤਰ ਜਾਰੀ ਕਰ ਦਿਤਾ ਗਿਆ ਹੈ ਕਿ ਕੋਈ ਵੀ ਬਜ਼ੁਰਗ ਜ਼ਿਲ੍ਹੇ ਦੇ ਕਿਸੇ ਵੀ ਸਿਹਤ ਕੇਂਦਰ ਵਿਚ ਆਉਂਦਾ ਹੈ ਤਾਂ ਉਸ ਨੂੰ ਮੁਫ਼ਤ ਡਾਕਟਰੀ ਸਹਾਇਤਾ ਦਿਤੀ ਜਾਵੇ। ਜੇ ਉਸ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਉਸ ਦੀ ਜਾਣਕਾਰੀ ਹੈਲਪਲਾਈਨ ਨੰਬਰ 14567 ’ਤੇ ਦਿਤੀ ਜਾਵੇ। ਉਨ੍ਹਾਂ ਦਸਿਆ ਕਿ ਇਸ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਆਪੋ ਅਪਣੇ ਸਿਹਤ ਕੇਂਦਰਾਂ ਵਿਚ ਬਜ਼ੁਰਗਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਸਬੰਧੀ ਬੋਰਡ ਲਾਉਣ ਲਈ ਕਿਹਾ ਗਿਆ ਹੈ। ਇਸ ਨਾਲ ਸਬੰਧਤ ਵਿਭਾਗ ਅਤੇ ਐਨਜੀਓ ਦੁਆਰਾ ਸਮੇਂ-ਸਮੇਂ ’ਤੇ ਲੋੜਵੰਦ ਬਜ਼ੁਰਗਾਂ ਨੂੰ ਸਹਾਇਤਾ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਤੰਦਰੁਸਤੀ ਦਾ ਖ਼ਿਆਲ ਰਖਣਾ ਸਿਹਤ ਵਿਭਾਗ ਦੀਆਂ ਸਿਖਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ ਜਿਸ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ।

Spread the love