ਨਵਾਂਸ਼ਹਿਰ, 5 ਅਕਤੂਬਰ :
ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਅਧਿਆਪਕ ਦਿਵਸ ਮੌਕੇ ਟੀਚਿੰਗ ਸਟਾਫ ਦੇ ਕਰਵਾਏ ਗਏ ਲੇਖ ਮੁਕਾਬਲੇ ਦੇ ਜੇਤੂ ਅਧਿਆਪਕਾਂ ਦਾ ਅੱਜ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਜ਼ਿਲਾ ਸਵੀਪ ਨੋਡਲ ਅਫ਼ਸਰ ਅਦਿੱਤਿਆ ਉੱਪਲ ਵੱਲੋਂ ਮੁੱਖ ਚੋਣ ਅਫ਼ਸਰ, ਪੰਜਾਬ ਦੇ ਹਸਤਾਖ਼ਰਾਂ ਵਾਲੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿਚ ਪਹਿਲੇ ਸਥਾਨ ’ਤੇ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਪੀਆਂ ਦੇ ਸਾਇੰਸ ਮਾਸਟਰ ਜਸਵਿੰਦਰ ਸਿੰਘ, ਦੂਜੇ ਸਥਾਨ ’ਤੇ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਦੇ ਪੰਜਾਬੀ ਲੈਕਚਰਾਰ ਨਰੇਸ਼ ਕੁਮਾਰ ਭੱਟੀ ਅਤੇ ਤੀਜੇ ਸਥਾਨ ’ਤੇ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੂਪੋਤਾ ਦੇ ਮੈਥ ਮਾਸਟਰ ਜਤਿੰਦਰ ਸਿੰਘ ਸ਼ਾਮਿਲ ਸਨ।
ਵਧੀਕ ਡਿਪਟੀ ਕਮਿਸ਼ਨਰ ਅਦਿੱਤਿਅ ਉੱਪਲ ਨੇ ਅਧਿਆਪਕਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਅਤੇ ਪੋਿਗ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜਨ ਵਿਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ। ਉਨਾਂ ਵੱਲੋਂ ਉਨਾਂ ਸਾਰੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਗਿਆ, ਜਿਨਾਂ ਵੱਲੋਂ ਅਧਿਆਪਕ ਦਿਵਸ ਮੌਕੇ ਕਰਵਾਏ ਗਏ ਲੇਖ ਮੁਕਾਬਲੇ ਵਿਚ ਵੱਧ-ਚੜ ਕੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲਾ ਸਹਾਇਕ ਸਵੀਪ ਨੋਡਲ ਅਫ਼ਸਰ ਸਤਨਾਮ ਸਿੰਘ, ਚੋਣ ਕਾਨੂੰਗੋ ਵਿਵੇਕ ਮੋਹਲਾ, ਜ਼ਿਲਾ ਸਾਇੰਸ ਸੁਪਰਵਾਈਜ਼ਰ ਅਤੇ ਸਟੈਨੋ ਪਰਮਜੀਤ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਤਿੰਨ ਵਿਸ਼ਿਆਂ ’ਤੇ ਇਹ ਲੇਖ ਮੁਕਾਬਲੇ ਕਰਵਾਏ ਗਏ ਸਨ, ਜਿਨਾਂ ਵਿਚ ਚੋਣ ਡਿਊਟੀ ਦੌਰਾਨ ਤਜ਼ਰਬਾ, ਚੋਣ ਡਿਊਟੀ ਨੂੰ ਸੁਖਦ ਬਣਾਉਣ ਲਈ ਸੁਝਾਅ ਅਤੇ ਕੋਵਿਡ-19 ਦੌਰਾਨ ਚੋਣ ਡਿਊਟੀ ਕਰਨ ਵਿਚ ਆਉਣ ਵਾਲੀਆਂ ਚੁਨੌਤੀਆਂ ਸ਼ਾਮਿਲ ਸਨ।