ਅੰਮ੍ਰਿਤਸਰ, 18 ਅਗਸਤ 2021 ਬਾਬਾ ਬਕਾਲਾ ਸਾਹਿਬ ਦੀ ਇਤਹਾਸਕ ਧਰਤੀ ਵਿਖੇ ਹਰ ਸਾਲ ਦੀ ਤਰਾਂ ਰੱਖੜ ਪੁੰਨਿਆ ਦੇ ਮੌਕੇ ’ਤੇ ਲੱਗਣ ਵਾਲੇ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਇਸ ਵਾਰ ਮੇਲਾ 21 ਤੋਂ 23 ਅਗਸਤ ਨੂੰ ਲੱਗੇਗਾ । ਉਨਾਂ ਹਾਜ਼ਰ ਅਧਿਕਾਰੀਆਂ ਨੂੰ ਮੇਲੇ ਲਈ ਸਾਰੇ ਪ੍ਰਬੰਧ ਸਮੇਂ ਸਿਰ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਭਾਵੇਂ ਕਿ ਕੋਰੋਨਾ ਕਾਰਨ ਬਹੁਤ ਵੱਡੇ ਇਕੱਠ ਦੀ ਸੰਭਾਵਨਾ ਨਹੀਂ ਹੈ, ਪਰ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਦੀ ਆਮਦ ਨੂੰ ਵੇਖਦੇ ਹੋਏ ਹਰ ਤਰਾਂ ਦੇ ਯੋਗ ਪ੍ਰਬੰਧ ਕੀਤੇ ਜਾਣ।
ਉਨਾਂ ਇਸ ਮੌਕੇ ਮੇਲੇ ਲਈ ਆਉਣ ਵਾਲੀਆਂ ਸਾਰੀਆਂ ਸੰਪਰਕ ਸੜਕਾਂ ਦੀ ਮੁਰੰਮਤ ਕਰਨ, ਸੜਕਾਂ ਦੁਆਲਿਆਂ ਘਾਹ-ਬੂਟੀ ਵੱਢਣ, ਗਲੀਆਂ ਤੇ ਸੜਕਾਂ ਦੀ ਸਫਾਈ, ਵੱਖ-ਵੱਖ ਸੜਕਾਂ ’ਤੇ ਵੱਡੀਆਂ ਪਾਰਕਿੰਗ ਬਨਾਉਣ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ, ਡਾਕਟਰੀ ਸਹਾਇਤਾ ਲਈ ਟੀਮਾਂ ਤਾਇਨਾਤ ਕਰਨ, ਮੱਛਰ ਮਾਰ ਦਵਾਈ ਦੀ ਸਪਰੇਅ ਕਰਵਾਉਣ, ਨਿਰੰਤਰ ਬਿਜਲੀ ਸਪਲਾਈ ਚਾਲੂ ਰੱਖਣ ਅਤੇ ਮੇਲੇ ਮੌਕੇ ਵਹੀਕਲਾਂ ਦੀ ਆਵਾਜਾਈ ਨਿਯਮਤ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਇਸ ਮੌਕੇ ਹਾਜ਼ਰ ਐਸ. ਡੀ. ਐਮ. ਬਾਬਾ ਬਕਾਲਾ ਸਾਹਿਬ ਮੇਜਰ ਸੁਮਿਤ ਮੁੱਧ ਨੇ ਮੇਲੇ ਦੀਆਂ ਤਿਆਰੀਆਂ ਬਾਰੇ ਵਿਸਥਾਰਤ ਰਿਪੋਰਟ ਡਿਪਟੀ ਕਮਿਸ਼ਨਰ ਨਾਲ ਸਾਂਝੀ ਕੀਤੀ ਅਤੇ ਕੁੱਝ ਜ਼ਰੂਰੀ ਸੁਝਾਅ ਦਿੱਤੇ। ਐਸ.ਪੀ. ਕੰਲਵਜੀਤ ਸਿੰਘ ਨੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨਾਂ ਨੇ ਭਰੋਸਾ ਦਿਵਾਇਆ ਕਿ ਮੇਲੇ ਮੌਕੇ ਇਸ ਵਾਰ ਅੱਗੇ ਨਾਲੋਂ ਬਿਹਤਰ ਆਵਾਜਾਈ ਤੇ ਸੁਰੱਖਿਆ ਦੇ ਪ੍ਰਬੰਧ ਪੁਲਿਸ ਨੂੰ ਕੀਤੇ ਜਾਣਗੇ, ਤਾਂ ਜੋ ਸੰਗਤ ਅਸਾਨੀ ਨਾਲ ਗੁਰੂ ਘਰ ਨਤਮਸਤਕ ਹੋ ਸਕੇ। ਉਨਾਂ ਅਧਿਕਾਰੀਆਂ ਨੂੰ ਬਿਹਤਰ ਤਾਲਮੇਲ ਬਣਾਈ ਰੱਖਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਡੀ ਡੀ ਪੀ ਓ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਜਿਲ੍ਹਾ ਮੰਡੀ ਅਧਿਕਾਰੀ ਅਮਨਦੀਪ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ—ਬਾਬਾ ਬਕਾਲਾ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ। ਨਾਲ ਹਨ ਵਧੀਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਐਸ ਡੀ ਐਮ ਮੇਜਰ ਸੁਮਿਤ ਮੁੱਧ ਅਤੇ ਹੋਰ।