ਲੁਧਿਆਣਾ, 7 ਜੁਲਾਈ 2021 ਸਿਵਲ ਸਰਜਨ ਲੁਧਿਆਣਾਂ ਡਾ. ਕਿਰਨ ਆਹਲੂਵਾਲੀਆ ਨੇ ਦਿਨੋਂ-ਦਿਨ ਵੱਧ ਰਹੀ ਗਰਮੀ ਦੇ ਸਬੰਧ ਵਿਚ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਦਿਨਾ ਵਿਚ ਲੂ ਲੱਗਣ ਦੇ ਕੇਸ ਕਾਫੀ ਜਿਆਦਾ ਪਾਏ ਜਾਂਦੇ ਹਨ। ਉਨਾ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਬਿਨਾ ਕੰਮ ਤੋ ਘਰ ਤੋ ਬਾਹਰ ਨਹੀ ਨਿਕਲਣਾ ਚਾਹੀਦਾ ਤਾਂ ਜੋ ਲੂ ਤੋ ਬਚਿਆ ਜਾ ਸਕੇ।
ਡਾ. ਆਹਲੂਵਾਲੀਆ ਨੇ ਲੂ ਦੇ ਲੱਛਣਾ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਨ੍ਹਾਂ ਦਿਨਾ ਵਿਚ ਗਰਮੀ ਕਾਰਨ ਸ਼ਰੀਰ ਤੇ ਪਿੱਤ ਹੋ ਜਾਂਦੀ ਹੈ, ਚੱਕਰ ਆਉਣ ਲੱਗ ਜਾਂਦੇ ਹਨ, ਸਿਰਦਰਦ ਤੇ ਉਲਟੀਆ ਲੱਗ ਜਾਂਦੀਆਂ ਹਨ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਲਾਲ ਗਰਮ ਤੇ ਖੁਸ਼ਕ ਚਮੜੀ, ਮਾਸ ਪੇਸ਼ੀਆ ਵਿਚ ਕਮਜੋਰੀ ਹੌਣਾ, ਬੱਚਿਆ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਜਿਆਦਾ ਖਤਰਾ ਹੁੰਦਾ ਹੈ।
ਉਨ੍ਹਾਂ ਅੱਗੇ ਲੂ ਤੋਂ ਬਚਾਅ ਸਬੰਧੀ ਦੱਸਿਆ ਕਿ ਬਿਨਾਂ ਕੰਮ ਤੋ ਘਰ ਤੋ ਬਾਹਰ ਨਾ ਨਿਕਲੋ, ਜੇਕਰ ਕਿਸੇ ਵੀ ਕਾਰਨ ਘਰ ਤੋ ਬਾਹਰ ਜਾਣਾ ਪਵੇ ਤਾਂ ਸਰੀਰ ਢੱਕਣ ਲਈ ਹਲਕੇ ਕੱਪੜੇ ਜਾਂ ਛੱਤਰੀ ਦਾ ਪ੍ਰਯੋਗ ਕਰੋ, ਹਲਕੇ ਰੰਗਾਂ ਦੇ ਕੱਪੜੇ ਪਹਿਨੋ ਅਤੇ ਗੂੜੇ ਰੰਗ ਦੇ ਕੱਪੜੇ ਪਾਉਣ ਤੋ ਗੁਰੇਜ਼ ਕਰੋ। ਕੱਪਿੜਆ ਨੂੰ ਪਹਿਨਣ ਸਮੇ ਇਸ ਗੱਲ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਇਨਾ ਕੱਪਿੜਆ ਦੇ ਨਾਲ ਤੁਹਾਡਾ ਸਰੀਰ ਕਸ ਤਾਂ ਨਹੀ ਹੋ ਰਿਹਾ ਅਤੇ ਕੀ ਕੱਪਿੜਆ ਵਿਚੋ ਹਵਾ ਕਰਾਸ ਕਰਦੀ ਹੈ। ਜਿਸ ਸਮੇ ਗਰਮੀ ਆਪਣੀ ਚਰਮ ਸੀਮਾਂ ‘ਤੇ ਹੁੰਦੀ ਹੈ ਉਸ ਸਮੇਂ ਘਰ ਤੋ ਬਾਹਰ ਜਾਣ ਤੋ ਗੁਰੇਜ਼ ਕੀਤਾ ਜਾਵੇ, ਖਾਸਕਰ ਦੁਪਹਿਰ 12 ਵਜੇ ਤੋਂ 3 ਵੱਜੇ ਤੱਕ। ਸਵੇਰ ਦੀ ਸੈਰ ਸੂਰਜ ਚੜਨ ਤੋ ਪਹਿਲਾ ਕੀਤੀ ਜਾਵੇ। ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਓ.ਆਰ.ਐਸ., ਘਰੇਲੂ ਡਰਿੰਕਸ ਜਿਵੇ ਲੱਸੀ, ਟੋਰਾਨੀ (ਚਾਵਲ ਦਾ ਪਾਣੀ), ਨਿੰਬੂ ਪਾਣੀ ਆਦਿ ਦੀ ਵਰਤੋ ਕੀਤੀ ਜਾਵੇ। ਆਪਣੇ ਘਰਾਂ ਨੂੰ ਠੰਢਾ ਰੱਖੋ ਅਤੇ ਵਧੇਰੇ ਗਰਮੀ ਦਾ ਸਾਹਮਣਾ ਕਰਨ ਲਈ ਪੱਖੇ, ਨਮੀਦਾਰ ਕੱਪੜੇ ਅਤੇ ਠੰਢੇ ਪਾਣੀ ਨਾਲ ਨਹਾਓ। ਨੰਗੇ ਪੈਰ ਜਾਂ ਚਿਹਰੇ ਨੂੰ ਢੱਕੇ ਬਗੈਰ ਘਰ ਤੋ ਬਾਹਰ ਨਾ ਜਾਓ। ਸਿਖਰਾਂ ਦੇ ਸਮੇ ਦੌਰਾਨ ਖਾਣਾ ਬਣਾਉਣ ਤੋ ਪਰਹੇਜ ਕਰੋ, ਖਾਣਾ ਪਕਾਉਣ ਸਮੇ ਦਰਵਾਜੇ ਅਤੇ ਖਿੜਕੀਆ ਖੋਲੋ।
ਉਨ੍ਹਾਂ ਦੱਸਿਆ ਕਿ ਉਚ ਪ੍ਰੋਟੀਨ ਅਤੇ ਮਸਾਲੇਦਾਰ ਭੋਜਨ ਖਾਣ ਤੋ ਗੁਰੇਜ ਕੀਤਾ ਜਾਵੇ। ਅਲਕੋਹਲ, ਚਾਹ, ਕਾਫੀ ਅਤੇ ਕਾਰਬੋਨੇਟਿਡ ਸਾਫਟ ਡਰਿੰਕਸ ਪੀਣ ਤੋ ਪਰਹੇਜ ਕੀਤਾ ਜਾਵੇ ਅਤੇ ਸਰੀਰ ਨੂੰ ਡੀਹਾਈਡਰੇਸ਼ਨ ਤੋ ਬਚਾਉਣ ਦੇ ਲਈ ਕਾਫੀ ਮਾਤਰਾ ਵਿਚ ਪਾਣੀ ਪੀਤਾ ਜਾਵੇ।
ਇਸ ਤੋ ਬਿਨਾਂ ਜੇਕਰ ਤੁਹਾਨੂੰ ਤੇਜ ਬੁਖਾਰ, ਤੇਜ ਧੜਕਨ, ਸਿਰ ਦਰਦ, ਚੱਕਰ ਆਦਿ ਆਉਣ, ਨਿਰੰਤਰ ਖੰਘ ਹੋਵੇ ਜਾਂ ਸਾਹ ਦੀ ਕਮੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਦੇ ਲਈ ਨੇੜਲੇ ਸਿਹਤ ਕੇਦਰ ਤੇ ਜਾਓ।