ਰਾਤ ਸਮੇਂ ਨਿਰਮਾਣ ਕਾਰਜ ਵਾਲੇ ਸਥਾਨ ਤੇ ਬੁਲਾਏ ਅਧਿਕਾਰੀ
ਰੂਪਨਗਰ, 30 ਜਨਵਰੀ 2024
ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਬੀਤੀ ਦੇਰ ਰਾਤ ਰੋਪੜ ਵਿੱਚ ਨਵੇਂ ਬੱਸ ਸਟੈਂਡ ਨੇੜੇ ਸਰਹਿੰਦ ਨਹਿਰ ਦੇ ਪੁਲ ਦੇ ਨਿਰਮਾਣ ਵਿਚ ਹੋ ਰਹੀ ਦੇਰੀ ਸਬੰਧੀ ਉਨ੍ਹਾਂ ਨੂੰ ਨਿਰਮਾਣ ਕਾਰਜ ਵਾਲੇ ਸਥਾਨ ‘ਤੇ ਬੁਲਾ ਕੇ ਅਧਿਕਾਰੀਆਂ ਤੋਂ ਜਵਾਬ ਤਲਬੀ ਕੀਤੀ।
ਇਸ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਨਿਰਮਾਣ ਕਾਰਜ ਵਿੱਚ ਤਕਰੀਬਨ 1 ਸਾਲ ਦੀ ਹੋ ਰਹੀ ਦੇਰੀ ਸੰਬੰਧੀ ਪੁੱਛਿਆ ਜਿਸ ਦਾ ਸੈਂਟਰਲ ਵਰਕਸ ਵਿਭਾਗ ਦੇ ਅਧਿਕਾਰੀਆਂ ਨੇ ਜਵਾਬ ਦਿੰਦੀਆਂ ਦੱਸਿਆ ਕਿ ਇਸ ਸਬੰਧੀ ਨਿਰਮਾਣ ਕਾਰਜ ਕਰਨ ਵਾਲੀ ਕੰਪਨੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜਿਸ ਉਪਰੰਤ ਸੰਤੁਸ਼ਟ ਨਾ ਹੁੰਦੇ ਹੋਏ ਵਿਧਾਇਕ ਚੱਢਾ ਨੇ ਵਿਭਾਗ ਦੇ ਐਸ.ਈ. ਸਤੀਸ਼ ਕੁਮਾਰ ਗੋਇਲ ਨਾਲ ਗੱਲਬਾਤ ਕੀਤੀ ਗਈ ਅਤੇ 3 ਦਿਨਾਂ ਵਿੱਚ ਕੰਪਨੀ ਖ਼ਿਲਾਫ਼ ਕੀਤੀ ਕਾਰਵਾਈ ਦੀ ਰਿਪੋਰਟ ਦੇਣ ਲਈ ਕਿਹਾ।
ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਇਸ ਨਿਰਮਾਣ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਇਲਾਕ਼ੇ ਦੇ ਲੋਕਾਂ ਦੀ ਹੋ ਰਹੀ ਖੱਜਲ ਖ਼ੁਆਰੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਨਹਿਰ ਦਾ ਪੁਲ ਦੋ ਦਰਜਨ ਦੇ ਕਰੀਬ ਪਿੰਡਾਂ ਨੂੰ ਰੋਪੜ ਸ਼ਹਿਰ ਨਾਲ ਜੋੜਦਾ ਹੈ ਅਤੇ ਨੈਸ਼ਨਲ ਹਾਈਵੇ ਹੋਣ ਕਾਰਨ ਵੀ ਦੂਰ ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।