
ਜਲਦ ਤੋਂ ਜਲਦ ਸੜਕ ਬਣਾਉਣ ਦਾ ਕੰਮ ਕੀਤਾ ਜਾਵੇ ਪੂਰਾ, ਅਧਿਕਾਰੀਆਂ ਨੂੰ ਦਿੱਤੇ ਆਦੇਸ਼
ਫਾਜ਼ਿਲਕਾ, 9 ਸਤੰਬਰ 2024
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਸ਼ਹਿਰ ਦੇ ਵਿਕਾਸ ਲਈ ਕਾਰਜਸ਼ੀਲ ਹੈ। ਸ਼ਹਿਰਾਂ ਦੇ ਵਿਕਾਸ ਵਿਚ ਵਾਧਾ ਕਰਦਿਆਂ ਗਲੀਆਂ—ਨਾਲੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਤੇ ਆਵਾਜਾਈ ਨੂੰ ਸੁਖਾਲਾ ਬਣਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਫਾਜ਼ਿਲਕਾ—ਅਬੋਹਰ ਰੋਡ ਤੋਂ ਵਿਜੈ ਕਲੋਨੀ ਨੂੰ ਜਾਂਦੀ ਸੜਕ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵੀਂ ਬਣ ਰਹੀ ਸੜਕ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ।ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਮੋਜੂਦ ਸਨ।
ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਕਿਹਾ ਕਿ ਸ਼ਹਿਰਾਂ ਅੰਦਰ ਵੱਧ ਤੋਂ ਵੱਧ ਵਿਕਾਸ ਕਾਰਜਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਬਣਾਉਣ ਦੇ ਕੰਮਾਂ ਦੇ ਟੈਂਡਰ ਲਗਾਏ ਜਾ ਰਹੇ ਹਨ ਤੇ ਜਲਦ ਤੋਂ ਜਲਦ ਟੈਂਡਰ ਪ੍ਰਕਿਰਿਆ ਕਰਨ ਉਪਰੰਤ ਠੇਕੇਦਾਰ ਨੂੰ ਕੰਮ ਅਲਾਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਜੈ ਕਲੋਨੀ ਦੇ ਬਾਹਰ ਵਾਲੀ ਸੜਕ ਦਾ ਕੰਮ ਵੀ ਪ੍ਰਗਤੀ ਅਧੀਨ ਜ਼ੋ ਕਿ ਜਲਦ ਤੋਂ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਆਵਾਜਾਈ ਸੁਖਾਵੇ ਢੰਗ ਨਾਲ ਹੋ ਸਕੇਗੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਸੜਕ ਦਾ ਬੁਰਾ ਹਾਲ ਸੀ ਪਰ ਮੌਜੂਦਾ ਸਰਕਾਰ ਦੇ ਸੱਤਾ ਵਿਚ ਆਉਣ ਸਾਰ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।
ਉਨ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਬਣਾਉਣ ਵਿਚ ਢਿਲ ਮਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਠੇਕੇਦਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੜਕ ਬਣਾਉਣ ਦਾ ਮਟੀਰੀਅਲ ਉਚ ਗੁਣਵਤਾ ਦਾ ਹੋਵੇ, ਉਨਤਾਈ ਪਾਈ ਜਾਣ *ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇੜੇ ਬਣੇ ਵਾਟਰ ਵਰਕਸ ਦਾ ਦੌਰਾ ਵੀ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਮੁਹੱਈਆ ਕਰਵਾਉਣ ਦੇ ਸਬੰਧ ਵਿਚ ਕੋਈ ਅਣਗਹਿਲੀ ਨਾ ਵਰਤੀ ਜਾਵੇ।
ਇਸ ਮੌਕੇ ਈਓ ਨਗਰ ਕੌਸਲ ਸ੍ਰੀ ਜਗਸੀਰ ਸਿੰਘ, ਬਿਜਲੀ ਬੋਰਡ ਕਾਰਜਕਾਰੀ ਇੰਨਜੀਨੀਅਰ ਸ੍ਰੀ ਰਜਿੰਦਰ ਕੁਮਾਰ, ਜੇ.ਈ ਨਗਰ ਕੌਂਸਲ ਸ੍ਰੀ ਜਗਜੀਤ ਸਿੰਘ, ਬਲਾਕ ਪ੍ਰਧਾਨ ਸ੍ਰੀ ਰਾਜ ਅਹੁਜਾ ਆਦਿ ਹਾਜਰ ਸਨ।