ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਦਬੁਰਜੀ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

Sorry, this news is not available in your requested language. Please see here.

ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਵਲੋਂ ਸ਼ਹੀਦ ਪਰਗਟ ਸਿੰਘ ਦੀ ਸ਼ਹਾਦਤ ਨੂੰ ਸਿਜਦਾ,ਪਰਿਵਾਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ

ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ- ਸ਼ਹੀਦ ਪਰਗਟ ਸਿੰਘ ਉਤੇ ਸਾਨੂੰ ਮਾਣ ਹੈ-ਕੈਬਨਿਟ ਮੰਤਰੀ ਰੰਧਾਵਾ

ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਤੇ ਇਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ਹੀਦ ਪਰਗਟ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ

ਡੇਰਾ ਬਾਬਾ ਨਾਨਕ (ਗੁਰਦਾਸਪੁਰ), 9 ਮਈ (  ) ਸਿਆਚਿਨ ਗਲੇਸ਼ੀਅਰ ਵਿਚ ਬਰਫੀਲੇ ਤੂਫਾਨ ਕਾਰਨ ਬਰਫ ਦੇ ਤੋਦਿਆਂ ਹੇਠ ਦੱਬ ਜਾਣ ਕਰਾਨ ਸ਼ਹੀਦ ਹੋਈ ਸਿਪਾਹੀ ਪਰਗਟ ਸਿੰਘ ਦਾ ਅੱਜ ਸ਼ਹੀਦ ਦੇ ਜੱਦੀ ਪਿੰਡ ਦਬੁਰਜੀ, ਨੇੜੇ ਡੇਰਾ ਬਾਬਾ ਨਾਨਕ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। 21 ਪੰਜਾਬ ਦਾ ਸਿਪਾਹੀ ਪਰਗਟ ਸਿੰਘ ਆਪਣੇ ਪਿਛੇ ਪਿਤਾ ਸ. ਪ੍ਰੀਤਮ ਸਿਘ, ਮਾਤਾ ਸ੍ਰੀਮਤੀ ਸੁਖਵਿੰਦਰ ਕੋਰ ਅਤੇ ਦੋ ਭੈਣਾਂ ਛੱਡ ਗਿਆ ਹੈ।

ਇਸ ਮੌਕੇ ਪੰਜਾਬ ਸਰਕਾਰ ਤਰਫੋਂ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ ਗਏ ਅਤੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ। ਇਸ ਮੌਕੇ ਡਿਪਟੀ ਕਮਿਸਨਰ ਜਨਾਬ ਮੁਹੰਮਦ ਇਸ਼ਫਾਕ, ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਡੇਰਾ ਬਾਬਾ ਨਾਨਕ , ਨਵਕਿਰਤ ਸਿੰਘ ਤਹਿਸੀਲਦਾਰ, ਕੁੰਵਰ ਰਵਿੰਦਰ ਵਿੱਕੀ , ਸੂਬੇਦਾਰ ਮੇਜਰ ਸਿੰਘ ਵਲੋਂ ਸ਼ਹੀਦ ਪਰਗਟ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਸਿਪਾਹੀ ਪਰਗਟ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦ ਸਿਪਾਹੀ ਪਰਗਟ ਸਿੰਘ ਦੀ ਸ਼ਹਾਦਤ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਉਸ ਉਪਰ ਸਾਨੂੰ ਸਾਰਿਆਂ ਨੂੰ ਮਾਣ ਹੈ।

ਸ. ਰੰਧਾਵਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਸ਼ਹੀਦ ਸਿਪਾਹੀ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਅਤੇ ਉਹ ਨਿੱਜੀ ਤੋਰ ਉਤੇ ਉਨਾਂ ਦੇ ਦੁੱਖ ਵਿਚ ਸ਼ਰੀਕ ਹਨ ਅਤੇ ਉਨਾਂ ਪਰਿਵਾਰ ਨੂੰ ਹਰ ਤਰਾਂ ਦੀ ਮਦਦ ਦੇਣ ਦਾ ਵਿਸ਼ਵਾਸ ਵੀ ਦਿਵਾਇਆ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਪਣੇ ਘਰਾਂ ਵਿਚ ਆਰਾਮ ਦੀ ਨੀਂਦ ਸੌਂਦੇ ਹਾਂ ਅਤੇ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ, ਸ਼ਹੀਦ ਦੇ ਪਰਿਵਾਰ ਦੇ ਦੁੱਖ ਵਿਚ ਸ਼ਾਮਲ ਹੈ ਅਤੇ ਪ੍ਰਸ਼ਾਸਨ ਪਰਿਵਾਰ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ 25 ਅਪ੍ਰੈਲ 2021 ਨੂੰ ਸਿਆਚਿਨ ਗਲੇਸ਼ੀਅਰ ਵਿਚ ਭਿਆਨਕ ਬਰਫੀਲਾ ਤੂਫਾਨ ਆਇਆ ਸੀ,ਜਿਸ ਵਿਚ 21 ਪੰਜਾਬ ਦੇ ਦੋ ਸਿਪਾਹੀ ਅਮਰਦੀਪ ਸਿੰਘ (ਬਰਨਾਲਾ) ਤੇ ਪ੍ਰਭਜੋਤ ਸਿੰਘ (ਮਾਨਸਾ) ਸ਼ਹੀਦ ਹੋ ਗਏ ਸਨ। ਪਰਗਟ ਸਿੰਘ ਨੂੰ ਬਰਫ ਹੇਠੋਂ ਕੱਢ ਕੇ 27 ਅਪ੍ਰੈਲ 2021 ਨੂੰ ਚੰਡੀਗੜ੍ਹ ਕਮਾਂਡ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਉਹ ਕੱਲ੍ਹ (8 ਮਈ) ਹਾਈਪੋਥਰਮਿਆ ਅਤੇ ਗੁਰਦੇ ਦੀ ਗੰਭੀਰ ਸੱਟ ਕਾਰਨ ਸ਼ਹੀਦ ਹੋ ਗਿਆ ਸੀ।

Spread the love