ਸਕੂਲ ਸਿੱਖਿਆ ਦੇ ਖੇਤਰ ‘ਚ ਦੇਸ਼ ਦਾ ਅੱਵਲ ਨੰਬਰ ਸੂਬਾ ਬਣਨ ‘ਤੇ ਵਿੱਦਿਅਕ ਹਲਕਿਆਂ ‘ਚ ਖੁਸ਼ੀ ਦੀ ਲਹਿਰ

NEWS MAKHANI

Sorry, this news is not available in your requested language. Please see here.

ਰੂਪਨਗਰ 9 ਜੂਨ 2021
ਕੇਂਦਰ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਖੇਤਰ ‘ਚ ਕੀਤੀ ਗਈ ਤਾਜ਼ਾ ਦਰਜ਼ਾਬੰਦੀ (ਪਰਫਾਰਮੈਂਸ ਗਰੇਡਿੰਗ ਇੰਡੈਕਸ) ਤਹਿਤ ਦੇਸ਼ ਭਰ ‘ਚੋਂ ਪੰਜਾਬ ਵੱਲੋਂ ਪਹਿਲਾ ਸਥਾਨ ਹਾਸਿਲ ਕਰਨ ਨਾਲ ਵਿੱਦਿਅਕ ਹਲਕਿਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਵੱਡੀ ਪ੍ਰਾਪਤੀ ਨਾਲ ਰਾਜ ਦੇ ਸਕੂਲ ਸਿੱਖਿਆ ਵਿਭਾਗ ਨਾਲ ਜੁੜਿਆ ਹਰ ਸ਼ਖਸ਼ ਮਾਣ ਮਹਿਸੂਸ ਕਰਨ ਲੱਗਿਆ ਹੈ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਰਾਜ ਕੁਮਾਰ ਖੋਸਲਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਸਰਪ੍ਰਸਤੀ ‘ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਜੋ ਵੱਡੇ ਉਪਰਾਲੇ ਕੀਤੇ ਜਾ ਰਹੇ ਸਨ, ਉਨ੍ਹਾਂ ਦੀ ਬਦੌਲਤ ਪੰਜਾਬ ਦੇਸ਼ ਭਰ ‘ਚੋਂ ਪਹਿਲੇ ਸਥਾਨ ‘ਤੇ ਆਇਆ ਹੈ। ਇਸ ਪ੍ਰਾਪਤੀ ਨੇ ਵਿਭਾਗ ‘ਚ ਨਵਾਂ ਉਤਸ਼ਾਹ ਭਰ ਦਿੱਤਾ ਹੈ। ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਜਰਨੈਲ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਜਨਾਬੰਦੀ, ਸਕੂਲ ਮੁਖੀਆਂ ਦੀ ਵਧੀਆ ਅਗਵਾਈ ਤੇ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਪੰਜਾਬ ਨੂੰ ਇਹ ਕੌਮੀ ਪੱਧਰ ਦੀ ਪ੍ਰਾਪਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਰਾਜ ਦੇ ਸਕੂਲੀ ਢਾਂਚੇ ‘ਚ ਆਏ ਬਦਲਾਅ ‘ਤੇ ਮੋਹਰ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਇਤਿਹਾਸਿਕ ਪ੍ਰਾਪਤੀ ਦਾ ਹਿੱਸਾ ਬਣਨ ‘ਤੇ ਮਾਣ ਮਹਿਸੂਸ ਕਰਦੇ ਹਨ। ਪੰਜਾਬ ਦੇ ਅੱਵਲ ਨੰਬਰ ਸਕੂਲ ਦਾ ਖਿਤਾਬ ਜੇਤੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪਰਵਿੰਦਰ ਕੌਰ ਦੁਆ ਦਾ ਕਹਿਣਾ ਹੈ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਪੰਜਾਬ ਦੇ ਸਕੂਲੀ ਢਾਂਚੇ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੇ ਗਏ ਉਪਰਾਲਿਆ ਨਾਲ ਪੰਜਾਬ ਦਾ ਵਿੱਦਿਅਕ ਖੇਤਰ ‘ਚ ਸਿਰ ਉੱਚਾ ਹੋਇਆ ਹੈ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ‘ਚ ਰਾਜ ਦਾ ਵਿੱਦਿਅਕ ਖੇਤਰ ‘ਚ ਦੇਸ਼ ਦਾ ਅੱਵਲ ਨੰਬਰ ਸੂਬਾ ਬਣਨ ਨਾਲ, ਹੋਰ ਜੋਸ਼ ਪੈਦਾ ਹੋ ਗਿਆ ਹੈ। ਕੌਮੀ ਪੁਰਸਕਾਰ ਜੇਤੂ ਅਧਿਆਪਕ ਮਨਮੋਹਣ ਸਿੰਘ ਭੱਲੜੀ ਬਲਾਕ ਨੰਗਲ ਦਾ ਕਹਿਣਾ ਹੈ ਕਿ ਉਸ ਨੂੰ ਦੋ ਸਾਲ ਪਹਿਲਾ ਮਿਲੇ ਕੌਮੀ ਪੁਰਸਕਾਰ ਮੌਕੇ ਜੋ ਖੁਸ਼ੀ ਹੋਈ ਸੀ, ਹੁਣ ਪੰਜਾਬ ਦੇ ਦੇਸ਼ ਭਰ ‘ਚੋਂ ਮੋਹਰੀ ਸੂਬਾ ਬਣਨ ‘ਤੇ ਉਸ ਤੋਂ ਚੌਗੁਣੀ ਖੁਸ਼ੀ ਹੋਈ ਹੈ ਕਿਉਂਕਿ ਇਹ ਸਿੱਖਿਆ ਵਿਭਾਗ ਨਾਲ ਜੁੜੇ ਹਰ ਸਖਸ਼ ਲਈ ਵੱਡਾ ਪੁਰਸਕਾਰ ਹੈ।

 

Spread the love