ਬਟਾਲਾ, 2 ਅਗਸਤ 2021 ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਪਪੀਤਾ, ਚੀਕੂ ਆਦਿ ਲਗਾਉਣ ਲਈ ਅਗਸਤ ਦਾ ਮਹੀਨਾ ਬਹੁਤ ਹੀ ਢੁੱਕਵਾਂ ਸਮਾਂ ਹੈ। ਇਸ ਲਈ ਕਿਸਾਨਾਂ ਨੂੰ ਆਪਣਾ ਕੁਝ ਖੇਤੀ ਰਕਬਾ ਬਾਗਾਂ ਦੇ ਹੇਠਾਂ ਲਿਆਉਣਾ ਚਾਹੀਦਾ ਹੈ। ਕਿਸਾਨਾਂ ਨੂੰ ਇਹ ਅਪੀਲ ਕਰਦਿਆਂ ਬਟਾਲਾ ਦੇ ਬਾਗਬਾਨੀ ਵਿਕਾਸ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਬਾਗਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਗਾਂ ਵਿੱਚ ਬਹੁਤ ਦੇਰ ਖੜ੍ਹਾ ਪਾਣੀ ਖਰਾਬੀ ਕਰ ਸਕਦਾ ਹੈ, ਸੋ ਵਾਧੂ ਪਾਣੀ ਕੱਢਣ ਦਾ ਢੁੱਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿ਼ਆਦਾ ਪਾਣੀ ਖੜ੍ਹਨ ਕਾਰਨ ਬੂਟਿਆਂ ਖਾਸ ਕਰਕੇ ਪਪੀਤਾ, ਨਾਸ਼ਪਾਤੀ ਅਤੇ ਆੜੂ ਦੀਆਂ ਜੜ੍ਹਾਂ ਗਲਣ ਦੀ ਸਿ਼ਕਾਇਤ ਹੋ ਸਕਦੀ ਹੈ, ਇਸ ਲਈ ਇਨ੍ਹਾਂ ਬੂਟਿਆਂ ਦੁਆਲਿਓ ਜਿੰਨੀ ਛੇਤੀ ਹੋ ਸਕੇ, ਪਾਣੀ ਕੱਢ ਦਿਓ ਅਤੇ ਵੱਤਰ ਆਉਣ ਤੇ ਹਲਕੀ ਗੋਡੀ ਕਰੋ।
ਬਾਗਬਾਨੀ ਵਿਕਾਸ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਿੰਬੂ ਜਾਤੀ ਦੇ ਬੂਟਿਆਂ ਵਿੱਚ ਜ਼ਿੰਕ ਅਤੇ ਮੈਂਗਨੀਜ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਮਿਲਾ ਕੇ ਛਿੜਕਾਅ ਕਰਨੀ ਚਾਹੀਦੀ ਹੈ। ਨਿੰਬੂ ਜਾਤੀ ਦੇ ਫਲਾਂ ਦੇ ਕੇਰੇ ਨੂੰ ਰੋਕਣ ਲਈ 2.4-ਡੀ ਸੋਡੀਅਮ ਸਾਲਟ (ਹਾਰਟੀਕਲਚਰਲ ਗ੍ਰੇਡ) 5 ਗ੍ਰਾਮ ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਬੋਰਡੋ ਮਿਸ਼ਰਣ (2:2:250) ਦਾ ਛਿੜਕਾਅ ਸੰਤਰੇ, ਮਾਲਟੇ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਕਰੋ। ਨਿੰਬੂ ਜ਼ਾਤੀ ਦੇ ਪੈਰ ਗਲ੍ਹਣ ਦੇ ਰੋਗ ਨੂੰ ਰੋਕਣ ਲਈ ਸੋਡੀਅਮ ਹਾਈਪੋਕਲੋਰਾਈਟ (5%) ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੀ ਛੱਤਰੀ ਹੇਠ ਮਿੱਟੀ ਅਤੇ ਮੁੱਖ ਤਣਿਆਂ ਨੂੰ ਗੜੁੱਚ ਕਰੋ। ਇਸ ਤੋਂ ਇਲਾਵਾ ਸੋਡੀਅਮ ਹਾਈਕਲੋਰਾਈਡ ਤੇ ਛਿੜਕਾਅ ਤੋਂ ਹਫਤੇ ਬਾਅਦ 100 ਗ੍ਰਾਮ ਟਰਾਈਕੋਡਰਮਾ ਅੇਸਪੈਰੇਲਮ ਫਾਰਮੂਲੇਸ਼ਣ ਨੂੰ 2.5 ਕਿੱਲੋ ਰੂੜੀ ਦੀ ਖਾਦ ਵਿੱਚ ਮਿਲਾ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟੇ ਦੀ ਛੱਤਰੀ ਹੇਠ ਪਾ ਕੇ ਵੀ ਇਸ ਰੋਗ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਬਾਗਬਾਨੀ ਵਿਕਾਸ ਅਫ਼ਸਰ ਬਟਾਲਾ ਨੇ ਦੱਸਿਆ ਕਿ ਨਿੰਬੂ ਜਾਤੀ ਦੇ ਫਲਾਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਅਗਸਤ ਦੇ ਦੂਜੇ ਹਫਤੇ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਟਰੈਪ ਲਾਓ। ਅੰਗੂਰਾਂ ਦੇ ਕੋਹੜ ਅਤੇ ਪੀਲੇ ਧੱਬਿਆਂ ਦੀ ਰੋਕਥਾਮ ਲਈ ਅਗਸਤ ਦੇ ਆਖੀਰ ਵਿੱਚ ਬੋਰਡੋ ਮਿਸ਼ਰਣ ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।