ਕਿਹਾ ਕੋਰੋਨਾ ਮਰੀਜਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ
ਕੋਰੋਨਾ ਦੇ ਲੱਛਣ ਪਾਏ ਜਾਣ ਤੇ ਬਿਨਾਂ ਕਿਸੇ ਦੇਰੀ ਤੋਂ ਇਲਾਜ ਸ਼ੁਰੂ ਕਰਵਾਉਣ ਦੀ ਅਪੀਲ
ਬਰਨਾਲਾ, 28 ਮਈ 2021
ਡਾ. ਜਸਬੀਰ ਸਿੰਘ ਔਲਖ ਸਿਵਲ ਸਰਜਨ ਵੱਲੋਂ ਬਰਨਾਲਾ ਵਿਖੇ ਚੱਲ ਰਹੇ ਕੋਵਿਡ ਲੈਵਲ-2 ਫੈਸਿਲਟੀ ਸੋਹਲ ਪੱਤੀ, ਸੈਂਟਰ ਦਾ ਦੌਰਾ ਕਰਦਿਆਂ ਕੋਰੋਨਾ ਮਰੀਜਾਂ ਦੇ ਚੱਲ ਰਹੇ ਇਲਾਜ ਸਬੰਧੀ ਜਾਇਜ਼ਾ ਲਿਆ ।
ਇਸ ਮੌਕੇ ਸਿਵਲ ਸਰਜਨ ਵੱਲੋਂ ਸਿਹਤ ਵਿਭਾਗ ਦੇ ਸੋਹਲ ਪੱਤੀ ਵਿਖੇ ਡਿਊਟੀ ‘ਤੇ ਤੈਨਾਤ ਅਮਲੇ ਦੀ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਹਦਾਇਤ ਕੀਤੀ ਕਿ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ।
ਸਿਵਲ ਸਰਜਨ ਵੱਲੋਂ ਦੌਰੇ ਦੌਰਾਨ ਮਰੀਜਾਂ ਦਾ ਹਾਲ-ਚਾਲ ਜਾਣਿਆ ਅਤੇ ਆਖਿਆ ਕਿ ਆਕਸੀਜਨ ਸਪਲਾਈ ਸਣੇ ਹੋਰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਪੀੜਤ ਮਰੀਜਾਂ ਦੀ ਤਨਦੇਹੀ ਤੇ ਜਿੰਮੇਵਾਰੀ ਨਾਲ ਸਾਂਭ-ਸੰਭਾਲ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੋਹਲ ਪੱਤੀ ਬਰਨਾਲਾ ਵਿਖੇ ਤਕਰੀਬਨ 48 ਮਰੀਜ ਦਾਖਲ ਹਨ, ਜਿਨ੍ਹਾਂ ਦਾ ਇਲਾਜ ਤੇ ਸਾਂਭ-ਸੰਭਾਲ ਸਿਹਤ ਵਿਭਾਗ ਦੇ ਡਾਕਟਰ ਸਾਹਿਬਾਨ ਵੱਲੋਂ ਜਿੰਮੇਵਾਰੀ ਨਾਲ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਦਾ ਗਲਾ ਖਰਾਬ, ਖਾਂਸੀ, ਜੁਕਾਮ ਅਤੇ ਬੁਖ਼ਾਰ ਦੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਨੇੜੇ ਦੇ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਕੋਰੋਨਾ ਸਬੰਧੀ ਟੈਸਟ ਕਰਵਾੳਣਾ ਚਾਹੀਦਾ ਹੈ। ਟੈਸਟ ਦੌਰਾਨ ਕੋਰੋਨਾ ਦੇ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਆਪਣਾ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ। ਸਾਰੇ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੱਸੇ ਜਾਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ।