ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਲਕੇ ਦੇ ਸਕੂਲਾਂ ਲਈ 01 ਕਰੋੜ 28 ਲੱਖ ਰੁਪਏ ਦਿੱਤੇ

Sorry, this news is not available in your requested language. Please see here.

ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ
ਐਸ ਏ ਐਸ ਨਗਰ, 10 ਜੂਨ 2021
ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਲੜੀ ਤਹਿਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਲਕੇ ਦੇ ਚਾਰ ਸਕੂਲਾਂ ਨੂੰ 01 ਕਰੋੜ 28 ਲੱਖ ਰੁਪਏ ਦਿੱਤੇ, ਜਿਨ੍ਹਾਂ ਵਿੱਚ 50 ਲੱਖ ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਬਿੰਦਗੜ੍ਹ, ਜਿਸ ਲਈ ਕਰੀਬ 03 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, 28 ਲੱਖ ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੀਗੇਮਾਜਰਾ, ਜਿਸ ਨੂੰ ਪਹਿਲਾਂ ਵੀ 30 ਲੱਖ ਰੁਪਏ ਦਿੱਤੇ ਗਏ ਸਨ, 25 ਲੱਖ ਰੁਪਏ ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਪੁਰ ਅਤੇ 25 ਲੱਖ ਰੁਪਏ ਸਰਕਾਰੀ ਪ੍ਰਾਇਮਰੀ ਸਕੂਲ, ਬਰਿਆਲੀ ਲਈ ਦਿੱਤੇ ਗਏ ਹਨ।
ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਇਹ ਰਾਸ਼ੀ ਇਨ੍ਹਾਂ ਸਕੂਲਾਂ ਦੀ ਨੁਹਾਰ ਬਦਲਣ ਲਈ ਵਰਤੀ ਜਾਵੇਗੀ, ਜਿਸ ਨਾਲ ਨਾ ਕੇਵਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ, ਸਗੋਂ ਆਲੇ ਦੁਆਲੇ ਦੇ ਹੋਰਨਾਂ ਪਿੰਡਾਂ ਨੂੰ ਵੀ ਲਾਭ ਮਿਲੇਗਾ। ਸ. ਸਿੱਧੂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਆਏ ਹਨ ਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਹੈ।
ਇਨ੍ਹਾਂ ਯਤਨਾਂ ਤਹਿਤ ਹੀ ਕਾਰਗੁਜਾਰੀ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ.) ਵਿੱਚ ਸਾਰੇ ਸੂਬਿਆਂ/ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਵਿੱਚੋਂ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਨੇ ਸਮਾਰਟ ਕਲਾਸ ਰੂਮ ਦੇ ਉਪਰਾਲੇ ਦੇ ਨਾਲ-ਨਾਲ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਤਾਲੀਮ ਹਾਸਲ ਕਰਨ ਦੇ ਯੋਗ ਬਣਾਉਣ ਲਈ ਸਮਾਰਟ ਮੋਬਾਈਲ ਫੋਨ ਵੰਡਣ ਸਮੇਤ ਲੀਹੋਂ ਹਟਵੀਆਂ ਪਹਿਲਕਦਮੀਆਂ ਕੀਤੀਆਂ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਨਿਰੰਤਰ ਜਾਰੀ ਰਹਿਣੀ ਯਕੀਨੀ ਬਣਾਈ ਜਾ ਸਕੇ।
ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਹੈ, ਜਿਸ ਨਾਲ ਸਿੱਖਿਆ ਦਾ ਮਿਆਰ ਮਿਸਾਲੀ ਤੌਰ ਉਤੇ ਉੱਪਰ ਗਿਆ ਹੈ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ, ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਾਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵਧੀਆ ਸਟਾਫ ਸਰਕਾਰੀ ਸਕੂਲਾਂ ਵਿੱਚ ਹੀ ਹੈ ਪਰ ਕੁਝ ਲੋਕ ਵੱਧ ਫੀਸਾਂ ਦੇ ਕੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਦੇ ਹਨ, ਜਿੱਥੇ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਘੱਟ ਯੋਗਤਾ ਵਾਲਾ ਸਟਾਫ ਹੁੰਦਾ ਹੈ। ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸਿੱਖਿਆ ਦੇ ਮਿਆਰ ਵਿੱਚ ਵੱਡੇ ਪੱਧਰ ਉਤੇ ਸੁਧਾਰ ਹੋਇਆ ਤੇ ਹੁਣ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ।
ਇਸ ਮੌਕੇ ਸਿਹਤ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਤਰਸੇਮ ਸਿੰਘ ਸਰਪੰਚ ਗੀਗੇਮਾਜਰਾ, ਚੌਧਰੀ ਰਾਮ ਈਸ਼ਵਰ ਸਰਪੰਚ ਗੋਬਿੰਦਗੜ੍ਹ, ਕੁਲਵੰਤ ਸਿੰਘ ਸਾਬਕਾ ਸਰਪੰਚ ਬਰਿਆਲੀ, ਜਸਵਿੰਦਰ ਸਿੰਘ ਭੱਪਾ ਸਰਪੰਚ ਗਿੱਦੜਪੁਰ, ਰਵਿੰਦਰ ਕੌਰ ਸਰਪੰਚ ਬਰਿਆਲੀ, ਰਾਮ ਸਿੰਘ ਸਾਬਕਾ ਸਰਪੰਚ ਬਰਿਆਲੀ, ਹਰਮਿੰਦਰ ਸਿੰਘ ਪੰਚ ਬਰਿਆਲੀ, ਪਾਲ ਸਿੰਘ ਪੰਚ ਬਰਿਆਲੀ, ਭਾਗ ਸਿੰਘ ਪੰਚ ਗਿੱਦੜਪੁਰ, ਸਾਹਿਬ ਸਿੰਘ ਗਿੱਦੜਪੁਰ, ਜਗਪਾਲ ਸਿੰਘ ਗਿੱਦੜਪੁਰ, ਜਰਨੈਲ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ ਗੀਗੇਮਾਜਰਾ, ਆਦਿ ਹਾਜ਼ਰ ਸਨ।
ਸਿਹਤ ਤੇ ਪਰਿਵਾਰ ਭਲਾਈ ਮਤਰੀ ਸ. ਬਲਬੀਰ ਸਿੰਘ ਸਿੱਧੂ ਪਿੰਡਾਂ ਦੇ ਸਕੂਲਾਂ ਲਈ ਰਾਸ਼ੀ ਜਾਰੀ ਕਰਦੇ ਹੋਏ।

Spread the love