ਸਿਵਲ ਸਰਜਨ ਵੱਲੋਂ ਸਿਹਤ ਸੇਵਾਵਾਂ ਦਾ ਜਾਇਜ਼ਾ
ਬਰਨਾਲਾ, 11 ਜੂਨ 2021
ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਲੋਕਾਂ ਤੱਕ ਮਿਆਰੀ ਸਿਹਤ ਸੇਵਾਵਾਂ ਪੁੱਜਦੀਆਂ ਯਕੀਨੀ ਬਣਾਉਣ ਲਈ ਉਨਾਂ ਵੱਲੋਂ ਸਮੇਂ ਸਮੇਂ ’ਤੇ ਸਿਵਲ ਹਸਪਤਾਲ ਬਰਨਾਲਾ ਵਿਖੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਜਾਂਦਾ ਹੈ।
ਸਿਵਲ ਹਸਪਤਾਲ ਦੇ ਦੌਰੇ ਮਗਰੋਂ ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਇਜ਼ੇ ਦੌਰਾਨ ਪਾਈਆਂ ਗਈਆਂ ਖਾਮੀਆਂ ਨੂੰ ਦੂਰ ਕਰਨ ਲਈ ਉਨਾਂ ਵੱਲੋਂ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਨੂੰ ਹਦਾਇਤ ਕੀਤੀ ਗਈ ਹੈ ਕਿ ਹਸਪਤਾਲ ਦੀ ਸਾਫ ਸਫਾਈ ਯਕੀਨੀ ਬਣਾਈ ਜਾਵੇ, ਡਿਊਟੀ ਸਟਾਫ ਦੀ ਹਾਜ਼ਰੀ ਪੂਰਨ ਹੋਵੇ, ਮਰੀਜ਼ ਦੀ ਪਰਚੀ ’ਤੇ ਪੂਰਨ ਜਾਣਕਾਰੀ, ਦਵਾਈਆਂ ਤੇ ਲੈਬ ਟੈਸਟ ਦੀ ਪੂਰੀ ਜਾਣਕਾਰੀ ਹੋਵੇ, ਡਾਕਟਰਾਂ ਦੀ ਨਾਮ ਪਲੇਟ ਪੰਜਾਬੀ ਵਿੱਚ ਹੋਵੇ ਤੇ ਸਰਬੱਤ ਸਿਹਤ ਬੀਮਾ ਯੋਜਨਾ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ ਆਦਿ ਮੁਫਤ ਸੇਵਾਵਾਂ ਹਰ ਹਾਲਤ ਵਿੱਚ ਮੁਹੱਈਆ ਕਰਾਉਣਾ ਯਕੀਨੀ ਬਣਾਇਆ ਜਾਵੇ।
ਉਨਾਂ ਹਸਪਤਾਲ ਵਾਰਡ ਵਿੱਚ ਦਾਖਲ ਮਰੀਜ਼ਾਂ ਤੋਂ ਉਨਾਂ ਦਾ ਹਾਲ-ਚਾਲ ਪੁੱਛਿਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਦਾਖਲ ਮਰੀਜ਼ਾਂ ਨੂੰ ਮਿਲ ਰਹੀਆਂ ਮੁਫਤ ਇਲਾਜ ਸਹੂਲਤਾਂ ਦਾ ਜਾਇਜ਼ਾ ਲਿਆ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ।