ਸਿਹਤ ਵਿਭਾਗ ਵੱਲੋਂ ਸ਼ੀਤ ਲਹਿਰ ਦੇ ਮੱਦੇਨਜ਼ਰ ਸਰਦੀ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ

_Dr. Rajwinder Kaur
ਸਿਹਤ ਵਿਭਾਗ ਵੱਲੋਂ ਸ਼ੀਤ ਲਹਿਰ ਦੇ ਮੱਦੇਨਜ਼ਰ ਸਰਦੀ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ

Sorry, this news is not available in your requested language. Please see here.

ਵੱਧ ਰਹੀ ਸਰਦੀ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਦਾ ਰੱਖਿਆ ਜਾਵੇ ਵਿਸ਼ੇਸ਼ ਧਿਆਨ – ਸਿਵਲ ਸਰਜਨ

ਫਿਰੋਜ਼ਪੁਰ, 3 ਜਨਵਰੀ 2024

ਸਰਦੀ ਦੇ ਮੌਸਮ ਕਾਰਨ ਸ਼ੀਤ ਲਹਿਰ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਬਜ਼ੁਰਗ ਅਤੇ ਛੋਟੇ ਬੱਚੇ ਜਿਆਦਾ ਪ੍ਰਭਾਵਿਤ ਹੁੰਦੇ ਹਨ। ਸਰਦੀ ਲੱਗਣ ਨਾਲ ਜੇਕਰ ਸਮੇਂ ਸਿਰ ਇਲਾਜ ਨਾਂ ਕਰਵਾਇਆ ਜਾਵੇ ਤਾਂ ਇਹ ਕਈ ਵਾਰ ਖਤਰੇ ਦਾ ਕਾਰਨ ਬਣ ਸਕਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਸੂਬੇ ਵਿੱਚ ਲਗਾਤਾਰ ਚੱਲ ਰਹੀ ਸੀਤ ਲਹਿਰ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਦੇ ਨਾਮ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕਰਨ ਮੌਕੇ ਕੀਤਾ।

ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਘਰਾਂ ਵਿੱਚ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਜਿਸ ਨਾਲ ਬੰਦ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜੋ ਜਾਨਲੇਵਾ ਸਾਬਤ ਹੋ ਸਕਦੀ ਹੈ। ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅਧੀਨ ਆਉਂਦੇ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਠੰਡ ਨਾਲ ਪੀੜਤ ਮਰੀਜਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਲੋੜੀਂਦੇ ਇੰਤਜ਼ਾਮ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਲੰਬੇ ਸਮੇ ਤੱਕ ਠੰਢ ਦੇ ਸੰਪਰਕ ਵਿੱਚ ਰਹਿਣ ਨਾਲ ਕਈ ਬਿਮਾਰੀਆਂ ਜਿਵੇਂ ਕਿ ਫਲੂ, ਨੱਕ ਵਗਣਾ, ਹਾਈਪੋਥਰਮੀਆ, ਫਰੋਸਟਬਾਈਟ, ਹਾਰਟ ਅਟੈਕ ਆਦਿ ਦੀ ਸੰਭਵਨਾ ਵੱਧ ਜਾਂਦੀ ਹੈ। ਸੀਤ ਲਹਿਰ ਬਾਰੇ ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਮਾਰੀਆਂ ਤੇ ਫਲੂ ਆਦਿ ਤੋਂ ਬਚਣ ਲਈ ਘਰਾਂ ਦੇ ਅੰਦਰ ਰਹਿਣ ਨੂੰ ਹੀ ਤਰਜੀਹ ਦਿੱਤੀ ਜਾਵੇ। ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਚੰਗੀ ਤਰਾਂ ਬੰਦ ਰੱਖੇ ਜਾਣ ਤਾਂ ਜੋ ਠੰਢੀ ਹਵਾ ਅੰਦਰ ਨਾ ਆ ਸਕੇ। ਉਨ੍ਹਾਂ ਕਿਹਾ ਕਿ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਲਈ ਸਰੀਰ ਨੂੰ ਗਰਮ ਰੱਖਣਾ ਬੇਹੱਦ ਜ਼ਰੂਰੀ ਹੈ, ਇਸ ਲਈ ਵਿਟਾਮਿਨ-ਸੀ ਨਾਲ ਭਰਪੂਰ ਸੰਤੁਲਿਤ ਭੋਜਨ ਦੇ ਨਾਲ-ਨਾਲ ਥੋੜੇ-ਥੋੜੇ ਵਕਫੇ ‘ਤੇ ਗਰਮ ਤਰਲ ਪਦਾਰਥ ਵੀ ਲੈਂਦੇ ਰਹਿਣਾ ਚਾਹੀਦਾ ਹੈ। ਗਰਮ ਉੱਨੀ ਮਲਟੀਲੇਅਲਰ ਢਿੱਲੀ ਫਿਟਿੰਗ ਵਾਲੇ ਕੱਪੜੇ ਪਹਿਣੇ ਜਾਣ।

ਉਨ੍ਹਾਂ ਕਿਹਾ ਕਿ ਸ਼ੀਤ ਲਹਿਰ ਦੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਲਈ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਸ਼ੀਤ ਲਹਿਰ ਦੀਆਂ ਸਥਿਤੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉਚ-ਅਧਿਕਾਰੀਆਂ ਵੱਲੋਂ ਜੇ.ਐਨ. 1 ਵੇਰੀਐਂਟ ਦੇ ਖਤਰੇ ਦੇ ਵਿਰੁੱਧ ਵੀ ਚੇਤਾਵਨੀ ਦਿੱਤੀ ਗਈ ਹੈ ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਕੋਵਿਡ ਅਨੁਰੂਪ ਵਿਵਹਾਰ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।

ਸਿਵਲ ਸਰਜਨ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਛੋਟੇ ਬੱਚੇ ਅਤੇ ਬਜ਼ੁਰਗ ਜ਼ਿਆਦਾ ਬਿਮਾਰ ਹੁੰਦੇ ਹਨ, ਇਸ ਲਈ ਗਰਮ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਬੂਟ—ਜੁਰਾਬਾਂ ਅਤੇ ਸਿਰ ਅਤੇ ਟੋਪੀ ਪਾਉਣੀ ਚਾਹੀਦੀ ਹੈ। ਦਮਾ ਅਤੇ ਸਾਹ ਦੀ ਬਿਮਾਰੀ ਦੇ ਮਰੀਜ਼ ਬਹੁਤ ਜਿਆਦਾ ਠੰਡ ਹੋਣ ਤੇ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ। ਸ਼ਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜੇ—ਥੋੜੇ ਸਮੇਂ ਬਾਅਦ ਜਾਂ ਲੋੜ ਅਨੁਸਾਰ ਕੋਸਾ ਜਾਂ ਗਰਮ ਗੁਣਗੁਣਾ ਪਾਣੀ ਪੀਤਾ ਜਾਵੇ। ਜ਼ਿਆਦਾ ਤਕਲੀਫ ਹੋਣ ਤੇ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਇਆ ਜਾਵੇ।

Spread the love