ਬਰਨਾਲਾ, 26 ਜੂਨ 2021
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਅਤੇ ਬਾਣੀ ਬਾਰੇ ਜਾਣਕਾਰੀ ਦੇਣ ਦੇ ਮਨੋਰਥ ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਆਨਲਾਈਨ ਕਵਿਤਾ ਮੁਕਾਬਲੇ ਕਰਵਾਏ ਜਾ ਰਹੇ ਹਨ।
ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਅਤੇ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਿੱਦਿਅਕ ਮੁਕਾਬਲਿਆਂ ਦੇ ਨੋਡਲ ਅਫ਼ਸਰ ਨੇ ਦੱਸਿਆ ਕਿ ਮਿਡਲ ਅਤੇ ਸੈਕੰਡਰੀ ਦੋ ਵਰਗਾਂ ‘ਚ ਕਰਵਾਏ ਜਾ ਰਹੇ ਮੁਕਾਬਲਿਆਂ ‘ਚ ਜ਼ਿਲ੍ਹੇ ਦੇ ਸਮੂਹ ਸਰਕਾਰੀ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਅਤੇ ਬਾਣੀ ਨਾਲ ਸੰਬੰਧਿਤ ਆਨਲਾਈਨ ਕਵਿਤਾ ਮੁਕਾਬਲਿਆਂ ਵਿੱਚ ਭਾਗ ਲਿਆ ਜਾ ਰਿਹਾ ਹੈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਅਨੁਸਾਰ ਜੀਵਨ ਬਤੀਤ ਕਰਨ ਦੀ ਸੋਝੀ ਦੇਣ ਅਤੇ ਵਿਰਸੇ ਨਾਲ ਜੋੜਨ ਵਿੱਚ ਇਹਨਾਂ ਵਿੱਦਿਅਕ ਮੁਕਾਬਲਿਆਂ ਦਾ ਵੱਡਾ ਯੋਗਦਾਨ ਹੈ।ਅਧਿਕਾਰੀਆਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਜੀਵਨ ਫਲਸਫਾ ਅਤੇ ਉਹਨਾਂ ਵੱਲੋਂ ਬਾਣੀ ਰਚਨਾ ਜਰੀਏ ਦਿੱਤੀਆਂ ਸਿੱਖਿਆਵਾਂ ਨਾਲ ਹੀ ਅਜੋਕੇ ਸਮੇਂ ਦੇ ਸਮਾਜ ਨੂੰ ਸਹੀ ਦਿਸ਼ਾ ਮਿਲ ਸਕਦੀ ਹੈ।
ਮੁਕਾਬਲਿਆਂ ਦੇ ਸਹਾਇਕ ਨੋਡਲ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਨਾਲ ਸੰਬੰਧਿਤ ਆਨਲਾਈਨ ਕਵਿਤਾ ਮੁਕਾਬਲਿਆਂ ਪ੍ਰਤੀ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 30 ਜੂਨ ਤੱਕ ਜਾਰੀ ਰਹਿਣਗੇ। ਉਹਨਾਂ ਅੱਗੇ ਦੱਸਿਆ ਕਿ ਕਵਿਤਾ ਉਚਾਰਣ ਲਈ ਸਮਾਂ ਘੱਟੋ-ਘੱਟ 3 ਮਿੰਟ ਅਤੇ ਵੱਧ ਤੋਂ ਵੱਧ 5 ਮਿੰਟ ਤੱਕ ਹੋ ਸਕਦਾ ਹੈ। ਕਵਿਤਾ ਵੇਖ ਕੇ ਉਚਾਰਨ ਦੀ ਮਨਾਹੀ ਹੋਵੇਗੀ ਅਤੇ ਕਵਿਤਾ ਉਚਾਰਨ ਦੌਰਾਨ ਸਾਜ ਦਾ ਇਸਤੇਮਾਲ ਵੀ ਵਰਜਿਤ ਰਹੇਗਾ।ਅਧਿਆਪਕਾਂ ਦੀ ਮੱਦਦ ਨਾਲ ਵਿਦਿਆਰਥੀਆਂ ਵੱਲੋਂ ਕਵਿਤਾ ਉਚਾਰਨ ਵੀਡਿਓ ਸੂਬਾ ਪੱਧਰੀ ਗੂਗਲ ਫਾਰਮ ਵਿੱਚ ਅਪਲੋਡ ਕੀਤੀ ਜਾਵੇਗੀ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਦੀ ਜੱਜਮੈਂਟ ਸਟੇਟ ਵੱਲੋਂ ਨਿਰਧਾਰਤ ਮਿਤੀਆਂ ਅਨੁਸਾਰ ਨਿਯੁਕਤ ਜੱਜਾਂ ਵੱਲੋਂ ਕੀਤੀ ਜਾਵੇਗੀ।ਸਰਕਾਰੀ ਹਾਈ ਸਕੂਲ ਮੌੜਾਂ ਦੇ ਹੈਡਮਾਸਟਰ ਰਾਕੇਸ਼ ਕੁਮਾਰ ਅਤੇ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਤੇਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਕਵਿਤਾ ਉਚਾਰਣ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ: ਸਰਕਾਰੀ ਹਾਈ ਸਕੂਲ ਮੌੜਾਂ ਦੀ ਵਿਦਿਆਰਥਣ ਕਵਿਤਾ ਉਚਾਰਨ ਮੁਕਾਬਲੇ ਵਿੱਚ ਭਾਗ ਲੈਂਦੀ ਹੋਈ।