ਪੰਜਾਬ ਸਰਕਾਰ ਨੇ ਪੇਂਡੂ ਸੰਪਰਕ ਸੜਕਾਂ ਦਾ ਢਾਂਚਾ ਮਜ਼ਬੂਤ ਕੀਤਾ – ਵਿਧਾਇਕ ਲਾਡੀ
ਬਟਾਲਾ, 4 ਅਗਸਤ 2021 ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਪੇਂਡੂ ਸੰਪਰਕ ਸੜਕਾਂ ਦਾ ਢਾਂਚਾ ਮਜ਼ਬੂਤ ਹੋਇਆ ਹੈ। ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਵੀ ਪੇਂਡੂ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਬਹੁਤ ਸਾਰੀਆਂ ਸੜਕਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ।
ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਹਾਤੀ ਸੰਪਰਕ ਸੜਕਾਂ ਦੀ ਮੁਰੰਮਤ ਦੇ ਤੀਜੇ ਪੜਾਅ ਤਹਿਤ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ 45 ਸੜਕਾਂ ਜਿਨ੍ਹਾਂ ਦੀ ਲੰਬਾਈ 69.56 ਕਿਲੋਮੀਟਰ ਬਣਦੀ ਹੈ ਉਨ੍ਹਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ। ਇਸ ਕੰਮ ਉੱਪਰ 902 ਲੱਖ ਰੁਪਏ ਦੀ ਲਾਗਤ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਪਰਕ ਸੜਕਾਂ ਬਣਾਉਣ ਤੋਂ ਇਲਾਵਾ 29 ਲੱਖ ਰੁਪਏ ਦੀ ਲਾਗਤ ਨਾਲ 76 ਸੜਕਾਂ ਦਾ ਪੈਚ ਵਰਕ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੌਥੇ ਪੜਾਅ ਤਹਿਤ 26.68 ਕਿਲੋਮੀਟਰ ਲੰਬੀਆਂ ਹੋਰ 20 ਸੜਕਾਂ 355 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਹਨ।
ਵਿਧਾਇਕ ਸ. ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਯਤਨਾ ਸਦਕਾ ਸੂਬੇ ਵਿੱਚ ਪੇਂਡੂ ਸੰਪਰਕ ਸੜਕਾਂ ਦਾ ਨੈਟਵਰਕ ਹੋਰ ਮਜ਼ਬੂਤ ਹੋਇਆ ਹੈ ਅਤੇ ਲੋਕਾਂ ਨੂੰ ਇੱਕ ਪਿੰਡ ਤੋਂ ਦੂਸਰੇ ਪਿੰਡ ਵਿਚ ਜਾਣ ਵਿੱਚ ਅਸਾਨੀ ਹੋਈ ਹੈ। ਉਨ੍ਹਾਂ ਕਿਹਾ ਕਿ ਸੜਕਾਂ ਬਣਨ ਨਾਲ ਸੜਕ ਹਾਦਸੇ ਵੀ ਰੁਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਹਲਕੇ ਦੀਆਂ ਜਿਹੜੀਆਂ ਸੜਕਾਂ ਰਹਿ ਗਈਆਂ ਹਨ ਉਨ੍ਹਾਂ ਨੂੰ ਵੀ ਜਲਦੀ ਹੀ ਬਣਾ ਦਿੱਤਾ ਜਾਵੇਗਾ।