ਵੈਕਸੀਨੇਸ਼ਨ ਮੁਹਿੰਮ ਸਬੰਧੀ ਅਧਿਕਾਰੀਆਂ ਨਾਲ ਕੀਤੀ ਬੈਠਕ
100 ਫੀਸਦੀ ਵੈਕਸੀਨੇਸ਼ਨ ਦਾ ਮਿੱਥਿਆ ਟੀਚਾ
ਫਾਜ਼ਿਲਕਾ, 22 ਜੂਨ 2021
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਹੁਣ 18 ਸਾਲ ਤੋਂ ਵੱਡੀ ਉਮਰ ਦਾ ਕੋਈ ਵੀ ਵਿਅਕਤੀ ਕੋਵਿਡ ਦੀ ਵੈਕਸੀਨ ਲਗਵਾ ਸਕਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿਚ ਇਹ ਵੈਕਸੀਨ ਪੂਰੀ ਤਰਾਂ ਮੁਫ਼ਤ ਲਗਾਈ ਜਾ ਰਹੀ ਹੈ।
ਇਸ ਸਬੰਧੀ ਸਿਹਤ ਅਤੇ ਦੂਸਰੇ ਵਿਭਾਗਾਂ ਨਾਲ ਵੈਕਸੀਨੇਸ਼ਨ ਮੁਹਿੰਮ ਸਬੰਧੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਸਮੂਹ ਵਿਭਾਗਾਂ ਲਈ 100 ਫੀਸਦੀ ਵੈਕਸੀਨੇਸ਼ਨ ਦਾ ਟੀਚਾ ਨਿਰਧਾਰਤ ਕੀਤਾ ਅਤੇ ਕਿਹਾ ਕਿ ਸਾਰੇ ਵਿਭਾਗ ਜੀਅ ਜਾਨ ਨਾਲ ਇਸ ਟੀਚੇ ਦੀ ਪ੍ਰਾਪਤੀ ਲਈ ਜੁੱਟ ਜਾਣ। ਉਨਾਂ ਨੇ ਕਿਹਾ ਕਿ ਇਸ ਲਈ ਸ਼ਹਿਰਾਂ ਵਿਚ ਨਗਰ ਨਿਗਮ/ਨਗਰ ਕੋਂਸਲਾਂ/ਨਗਰ ਪੰਚਾਇਤਾਂ ਅਤੇ ਪਿੰਡਾਂ ਵਿਚ ਦਿਹਾਤੀ ਵਿਕਾਸ ਵਿਭਾਗ ਸਿਹਤ ਵਿਭਾਗ ਨੂੰ ਸਹਿਯੋਗ ਕਰੇਗਾ ਜਦ ਕਿ ਉਪ ਮੰਡਲ ਮੈਜਿਸਟ੍ਰੇਟ ਆਪੋ ਆਪਣੇ ਉਪਮੰਡਲ ਵਿਚ ਇਸ ਮੁਹਿੰਮ ਦੀ ਰੋਜਾਨਾ ਅਧਾਰ ਤੇ ਨਿਗਰਾਨੀ ਕਰਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਬਕਾਇਦਾ ਪ੍ਰੋਗਰਾਮ ਤਿਆਰ ਕਰਕੇ ਤੁਰੰਤ ਕੰਮ ਸ਼ੁਰੂ ਕੀਤਾ ਜਾਵੇ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਵੱਡੀ ਉਮਰ ਦੇ ਸਾਰੇ ਨਾਗਰਿਕ ਇਹ ਵੈਕਸੀਨ ਲਗਵਾਉਣ। ਉਨਾਂ ਨੇ ਕਿਹਾ ਕਿ ਕਰੋਨਾ ਦਾ ਖਤਰਾ ਟਲਿਆ ਨਹੀਂ ਹੈ ਅਤੇ ਤੀਸਰੀ ਲਹਿਰ ਦੇ ਖਤਰੇ ਤੋਂ ਪਹਿਲਾਂ ਪਹਿਲਾਂ ਸਭ ਨੂੰ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਦੂਸਰੀ ਲਹਿਰ ਵਿਚ ਬਹੁਤ ਨੁਕਸਾਨ ਹੋਇਆ ਹੈ ਇਸ ਲਈ ਸਭ ਦਾ ਫਰਜ ਬਣਦਾ ਹੈ ਕਿ ਉਹ ਵੈਕਸੀਨੇਸਨ ਕਰਵਾਉਣ ਕਿਉਂਕਿ ਇਹੀ ਇਕ ਤਰੀਕਾ ਹੈ ਜਿਸ ਨਾਲ ਤੀਜੀ ਲਹਿਰ ਦੇ ਖਤਰੇ ਨੂੰ ਟਾਲਿਆ ਜਾ ਸਕਦਾ ਹੈ।
ਸਿਵਲ ਸਰਜਨ ਡਾ: ਪਰਮਿੰਦਰ ਕੁਮਾਰ ਨੇ ਦੱਸਿਆ ਕਿ ਦੋਨੋਂ ਵੈਕਸੀਨ ਪੂਰੀ ਤਰਾਂ ਨਾਲ ਸੁਰੱਖਿਅਤ ਹਨ ਅਤੇ ਲੋਕ ਬੇਝਿਜਕ ਵੈਕਸੀਨ ਲਗਵਾਉਣ। ਵੈਕਸੀਨੇਸ਼ਨ ਦੇ ਨੋਡਲ ਅਫ਼ਸਰ ਡਾ: ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਵੈਕਸੀਨੇਸ਼ਨ ਲਈ 38 ਟੀਮਾਂ ਕੰਮ ਕਰ ਰਹੀਆਂ ਹਨ।
ਬੈਠਕ ਵਿਚ ਐਸ.ਡੀ.ਐਮ. ਸ੍ਰੀ ਸੂਬਾ ਸਿੰਘ ਅਤੇ ਸ੍ਰੀ ਕੇਸਵ ਗੋਇਲ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ: ਅਮਰੀਕ ਸਿੰਘ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਵਨੀਤ ਸ਼ਰਮਾ ਵੀ ਹਾਜਰ ਸਨ।