ਹੰਸਲੀ ਨਾਲੇ ਦਾ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਬਟਾਲਾ ਸ਼ਹਿਰ ਨੂੰ ਨਵੀਂ ਦਿੱਖ ਦੇਵੇਗਾ – ਤ੍ਰਿਪਤ ਬਾਜਵਾ

Sorry, this news is not available in your requested language. Please see here.

ਪਹਿਲੇ ਪੜਾਅ ਤਹਿਤ 10 ਕਰੋੜ ਰੁਪਏ ਦੀ ਲਾਗਤ ਨਾਲ ਹੰਸਲੀ ਦੇ ਕਿਨਾਰਿਆਂ ਨੂੰ ਖੂਬਸੂਰਤ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ
ਬਟਾਲਾ, 8 ਜੂਨ 2021 ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਸ਼ਹਿਰ ਨੂੰ ਸੁੰਦਰ ਦਿੱਖ ਦੇਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸੂਬਾ ਸਰਕਾਰ ਵੱਲੋਂ ਬਟਾਲਾ ਸ਼ਹਿਰ ਦੇ ਹੋਰ ਵਿਕਾਸ ਦੇ ਨਾਲ ਹੰਸਲੀ ਨਾਲੇ ਦੇ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਦੇ ਪ੍ਰੋਜੈਕਟ ਉੱਪਰ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਮੁਕੰਮਲ ਹੋਣ ਨਾਲ ਬਟਾਲਾ ਵਾਸੀਆਂ ਨੂੰ ਜਿਥੇ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਓਥੇ ਇਸ ਪ੍ਰੋਜੈਕਟ ਨਾਲ ਹੰਸਲੀ ਦੇ ਖੂਬਸੂਰਤ ਕਿਨਾਰੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨਗੇ।
ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਹੰਸਲੀ ਨਾਲੇ ਦੇ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 10 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਪਹਿਲੇ ਪੜਾਅ ਤਹਿਤ ਕਾਹਨੂੰਵਾਨ ਰੋਡ ਤੋਂ ਜਲੰਧਰ ਰੋਡ ਤੱਕ ਹੰਸਲੀ ਦੇ ਕਿਨਾਰਿਆਂ ਨੂੰ ਚੌੜਿਆਂ ਕਰਕੇ 15 ਤੋਂ 20 ਫੁੱਟ ਚੌੜੀ ਸੜਕ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਲੋਕਾਂ ਨੂੰ ਇੱਕ ਹੋਰ ਬਦਲਵੀਂ ਸੜਕ ਮਿਲ ਜਾਵੇਗੀ, ਜਿਸ ਨਾਲ ਟਰੈਫਿਕ ਸਮੱਸਿਆ ਦਾ ਵੀ ਹੱਲ ਹੋਵੇਗਾ। ਉਨਾਂ ਕਿਹਾ ਕਿ ਹੰਸਲੀ ਨਾਲੇ ਦੇ ਦੋਵਾਂ ਕਿਨਾਰਿਆਂ ਨੂੰ ਪੱਕਿਆਂ ਕਰਕੇ ਖੂਬਸੂਰਤ ਦਿੱਖ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਸੁੰਦਰੀਕਰਨ ਦੇ ਇਸ ਪ੍ਰੋਜੈਕਟ ਤਹਿਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਜਲਦੀ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਹੰਸਲੀ ਨਾਲੇ ਵਿੱਚ ਸੀਵਰੇਜ ਦੇ ਪਾਣੀ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਹੰਸਲੀ ਵਿਚ ਕੁਝ ਨਹਿਰੀ ਪਾਣੀ ਛੱਡਿਆ ਜਾਵੇ ਤਾਂ ਜੋ ਹੰਸਲੀ ਨਾਲੇ ਵਿਚੋਂ ਸਾਫ਼ ਪਾਣੀ ਲੰਘ ਸਕੇ। ਉਨ੍ਹਾਂ ਕਿਹਾ ਕਿ ਇਸ ਸੰਭਾਵੀ ਪ੍ਰੋਜੈਕਟ ਉਪਰ ਵੀ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਹੰਸਲੀ ਨਾਲਾ ਬਟਾਲੇ ਸ਼ਹਿਰ ਦੀ ਖੂਬਸੂਰਤੀ ਵਿੱਚ ਹੋਰ ਵਾਧਾ ਕਰੇਗਾ। ਸ. ਬਾਜਵਾ ਨੇ ਪੰਜਾਬ ਸਰਕਾਰ ਦਾ ਇਰਾਦਾ ਬਟਾਲਾ ਸ਼ਹਿਰ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਨਾਲ ਖੂਬਸੂਰਤ ਸ਼ਹਿਰ ਬਣਾਉਣਾ ਵੀ ਹੈ, ਜਿਸ ਉਪਰ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ।

Spread the love