ਆਕਸੀਜਨ ਦੀ ਢੁਕਵੀਂ ਸਪਲਾਈ ਲਈ ਜ਼ਿਲੇ ’ਚ ਬਣਾਇਆ ਕੇਂਦਰੀ ਪੂਲ
*ਉਦਯੋਗਾਂ ਅਤੇ ਆਈ. ਐਮ. ਏ ਵੱਲੋਂ ਮਿਲ ਰਿਹੈ ਪੂਰਨ ਸਹਿਯੋਗ
ਨਵਾਂਸ਼ਹਿਰ, 30 ਅਪ੍ਰੈਲ :
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਕੋਵਿਡ-19 ਦੇ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਪੂਰੀ ਤਰਾਂ ਵਚਨਬੱਧ ਹੈ ਅਤੇ ਜ਼ਿਲੇ ਵਿਚ ਆਕਸੀਜਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਜ਼ਿਲੇ ਵਿਚ ਆਕਸੀਜਨ ਦੀ ਢੁਕਵੀਂ ਸਪਲਾਈ ਲਈ ਇਕ ਕੇਂਦਰੀ ਪੂਲ ਬਣਾਇਆ ਗਿਆ ਹੈ, ਜਿਥੇ ਆਕਸੀਜਨ ਦੇ ਸਿਲੰਡਰ ਸਟਾਕ ਕਰ ਕੇ ਰੱਖੇ ਜਾ ਰਹੇ ਹਨ। ਉਨਾਂ ਕਿਹਾ ਕਿ ਜਿਥੇ ਕਿਤੇ ਵੀ ਆਕਸੀਜਨ ਦੀ ਲੋੜ ਹੋਵੇਗੀ, ਉਹ ਤੁਰੰਤ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਕੰਮ ਵਿਚ ਜ਼ਿਲਾ ਪ੍ਰਸ਼ਾਸਨ ਨੂੰ ਉਦਯੋਗਾਂ ਅਤੇ ਆਈ. ਐਮ. ਏ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ ਅਤੇ ਉਨਾਂ ਵੱਲੋਂ ਇਸ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਤਹਿਤ ਜਿਥੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਕਸੀਜਨ ਗੈਸ ਦੇ ਵਾਧੂ ਸਿਲੰਡਰ ਕੇਂਦਰੀ ਪੂਲ ਵਿਚ ਜਮਾ ਕਰਵਾਏ ਜਾ ਰਹੇ ਹਨ, ਉਥੇ ਉਦਯੋਗਿਕ ਇਕਾਈਆਂ ਵੱਲੋਂ ਵੀ ਸਿਲੰਡਰਾਂ ਨੂੰ ਸਾਫ਼ ਕਰਵਾਉਣ ਉਪਰੰਤ ਉਨਾਂ ਵਿਚ ਆਕਸੀਜਨ ਭਰਵਾ ਕੇ ਕੇਂਦਰੀ ਪੂਲ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ।
ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਵਿਚ ਆਕਸੀਜਨ ਦੀ ਢੁਕਵੀਂ ਅਤੇ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਜ਼ਿਲੇ ਵਿਚ ਉਦਯੋਗਿਕ ਮੰਤਵ ਲਈ ਆਕਸੀਜਨ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਤਰਲ ਆਕਸੀਜਨ ਕੇਵਲ ਮੈਡੀਕਲ ਮੰਤਵ ਲਈ ਹੀ ਵਰਤਿਆ ਜਾਵੇਗਾ। ਇਸੇ ਤਰਾਂ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਵਾਧੂ ਸਿਲੰਡਰ ਪੂਲ ਵਿਚ ਜਮਾ ਕਰਵਾੳੋੁਣ ਦੀ ਹਦਾਇਤ ਕੀਤੀ ਗਈ ਹੈ।
ਉਨਾਂ ਕਿਹਾ ਕਿ ਜ਼ਿਲੇ ਵਿਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਆਉਣ ਦਿੱਤੀ ਜਾਵੇਗੀ। ਉਨਾਂ ਸਮੂਹ ਜ਼ਿਲਾ ਵਾਸੀਆਂ ਤੋਂ ਕੋਵਿਡ ਮਹਾਮਾਰੀ ਦਾ ਫੈਲਾਅ ਰੋਕਣ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਕਾਰੀਆਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਟੀਕਾਕਰਨ ਕਰਵਾਉਣ।