ਜ਼ਿਲੇ ਅੰਦਰ ਕਿਸਾਨਾਂ ਨੂੰ 430 ਕਰੋੜ ਰੁਪਏ ਦੀ ਕੀਤੀ ਸਿੱਧੀ ਅਦਾਇਗੀ
ਗੁਰਦਾਸਪੁਰ, 28 ਅਪ੍ਰੈਲ ( ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵਲੋਂ ਦਾਣਾ ਮੰਡੀਆਂ ਵਿਚ ਜਿਥੇ ਕਣਕ ਦੀ ਖਰੀਦ ਤੇ ਚੁਕਾਈ ਪ੍ਰਕਿਰਿਆ ਨਿਰਵਿਘਨ ਚਲਾਈ ਰਹੀ ਹੈ, ਉਸਦੇ ਨਾਲ ਕਿਸਾਨਾਂ ਨੂੰ 27 ਅਪ੍ਰੈਲ ਤਕ 430 ਕਰੋੜ 9 ਲੱਖ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਕੀਤੀ ਜਾ ਚੁੱਕੀ ਹੈ। ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਅਨਾਜ ਖਰੀਦ ਪੋਰਟਲ ਤੇ ਰਜਿਸ਼ਟਰੇਸ਼ਨ ਕਰਨ ਸਬੰਧੀ ਮੰਡੀਆਂ ਵਿਚ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ ਅਤੇ ਸਪੈਸ਼ਲ ਟੀਮਾਂ ਵਲੋ ਮੰਡੀਆਂ ਵਿਚ ਬੈਠ ਕੇ ਕਿਸਾਨ ਤੇ ਆੜ੍ਹਤੀਆਂ ਨੂੰ ਪੋਰਟਲ ਤੇ ਰਜਿਸ਼ਟਰੇਸ਼ਨ ਸਬੰਧੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਗੁਰਦਾਸਪੁਰ ਸ੍ਰੀਮਤੀ ਐਸ.ਦੇਵਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿਚ 353055 ਮੀਟਰਕ ਟਨ ਕਣਕ ( 27 ਅਪ੍ਰੈਲ ਤਕ) ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 345093 ਮੀਟਰਕ ਟਨ ਦੀ ਖਰੀਦ ਹੋ ਗਈ ਹੈ। ਪਨਗਰੇਨ ਵਲੋਂ 95822 ਮੀਟਰਕ ਟਨ, ਮਾਰਕਫੈੱਡ ਵਲੋਂ 86353 ਮੀਟਰਕ ਟਨ, ਪਨਸਪ ਵਲੋਂ 82263 ਮੀਟਰਕ ਟਨ, ਵੇਅਰਹਾਊਸ ਵਲੋਂ 49604 ਅਤੇ ਐਫ.ਸੀ.ਆਈ ਵਲੋਂ 31051 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ਵਿਚੋਂ 55 ਫੀਸਦ ਫਸਲ ਦੀ ਚੁਕਾਈ ਹੋ ਚੁੱਕੀ ਹੈ ਤੇ ਚੁਕਾਈ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਗਿਆ ਹੈ।
ਉਨਾਂ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿਚ ਕਣਕ ਦੀ ਆਮਦ ਤੇਜ਼ੀ ਨਾਲ ਵਧੀ ਹੈ, ਉਸਦੇ ਨਾਲ ਫਸਲ ਦੀ ਚੁਕਾਈ ਨੂੰ ਨਾਲੋ-ਨਾਲ ਯਕੀਨੀ ਬਣਾਇਆ ਗਿਆ ਹੈ। ਖਰੀਦ ਏਜੰਸੀਆਂ ਵਲੋਂ ਦਾਣਾ ਮੰਡੀਆਂ ਵਿਚ ਬਾਰਦਾਨੇ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ ਤੇ ਮੰਡੀਆਂ ਵਿਚ ਬਾਰਦਾਨੇ ਦੀ ਕਮੀ ਨੂੰ ਪੂਰਾ ਕੀਤਾ ਗਿਆ ਹੈ। ਉਨਾਂ ਨੇ ਅੱਗੇ ਦੱਸਿਆ ਕਿ ਦਾਣਾ ਮੰਡੀਆਂ ਵਿਚ ਕਿਸਾਨਾਂ ਨੂੰ ਕੋਵਿਡ ਬਿਮਾਰੀ ਤੋਂ ਬਚਾਅ ਲਈ ਵਿਸ਼ੇਸ ਪ੍ਰਬੰਧ ਹਨ। ਮੰਡੀਆਂ ਵਿਚ ਸ਼ੈਨਾਟਾਇਜ਼ਰ ਅਤੇ ਮਸਾਕ ਉਪਲੱਬਧ ਹਨ ਅਤੇ ਪੀਣ ਲਈ ਸਾਫ ਪਾਣੀ ਆਦਿ ਵਿਵਸਥਾ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੀ ਫਸਲ ਸੁਕਾ ਹੀ ਮੰਡੀਆਂ ਵਿਚ ਲਿਆਉਣ, ਤਾਂ ਜੋ ਉਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਪ੍ਰਸ਼ਾਸਨ ਕਣਕ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ।