ਐਸ.ਏ.ਐਸ. ਨਗਰ, 30 ਜੁਲਾਈ 2021
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਐਸ.ਏ.ਐਸ. ਨਗਰ ਲੜਕਿਆਂ ਤੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਵਰਦਾਨ ਸਾਬਤ ਹੋ ਰਿਹਾ ਹੈ, ਜਿੱਥੇ ਬੇਰੋਜ਼ਗਾਰ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਐਸ.ਏ.ਐਸ. ਨਗਰ ਰਾਹੀਂ ਨੌਕਰੀ ਸਵੈ-ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ। ਇਸ ਦਫ਼ਤਰ ਦੀ ਮਦਦ ਨਾਲ ਅਰਸ਼ਪ੍ਰੀਤ ਕੌਰ ਵਾਸੀ ਮਦਨਹੇੜੀ ਖਰੜ ਆਪਣਾ ਕਾਰੋਬਾਰ ਸ਼ੁਰੂ ਕਰਨ ਵਿੱਚ ਕਾਮਯਾਬ ਹੋਈ।
ਇਸ ਬਾਰੇ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਹ ਬਹੁਤ ਸਮੇਂ ਤੋਂ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੀ ਸੀ ਪਰ ਕੋਈ ਰਾਹ ਨਹੀਂ ਮਿਲ ਰਿਹਾ ਸੀ। ਫੇਰ ਇਕ ਦਿਨ ਉਨ੍ਹਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ (ਡੀ.ਬੀ.ਈ.ਈ.) ਬਾਰੇ ਸੁਣਿਆ ਅਤੇ ਉਹ ਮੋਹਾਲੀ ਵਿੱਚ ਕਰਜ਼ ਅਪਲਾਈ ਕਰਨ ਲਈ ਦਫ਼ਤਰ ਵਿੱਚ ਸਟਾਫ਼ ਨੂੰ ਮਿਲੇ। ਉਨ੍ਹਾਂ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ ਲੈਣ ਦੇ ਸਾਰੇ ਵੇਰਵੇ ਬਾਰੇ ਤਫ਼ਸੀਲ ਨਾਲ ਸਮਝਾਇਆ ਅਤੇ ਕਰਜ਼ ਲੈਣ ਲਈ ਡੇਅਰੀ ਵਿਭਾਗ ਨਾਲ ਤਾਲਮੇਲ ਕਰਵਾਇਆ, ਜਿਸ ਨਾਲ ਉਨ੍ਹਾਂ ਨੂੰ ਕਰਜ਼ ਲੈਣ ਵਿੱਚ ਕੋਈ ਦਿੱਕਤ ਨਹੀਂ ਆਈ। ਕਰਜ਼ ਮਗਰੋਂ ਅਰਸ਼ਪ੍ਰੀਤ ਨੇ ਡੇਅਰੀ ਫਾਰਮਿੰਗ ਦਾ ਕੰਮ ਖੋਲ੍ਹਿਆ ਅਤੇ ਅੱਜ ਉਸ ਦਾ ਕੰਮ ਚੰਗਾ ਚੱਲ ਰਿਹਾ ਹੈ। ਉਸ ਨੇ ਇਸ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਐਸ.ਏ.ਐਸ. ਨਗਰ ਦਾ ਧੰਨਵਾਦ ਕਰਦਿਆਂ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਨਾਲ ਸੰਪਰਕ ਕਰ ਕੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕਦਮ ਪੁੱਟਣ।