ਕਰੋਨਾ ਮੁਕਤ ਪਿੰਡ ਅਭਿਆਨ
ਬਠਿੰਡਾ, 28 ਮਈ 2021 ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ ਬੀਤੇ 24 ਘੰਟਿਆਂ ਦੌਰਾਨ ਜ਼ਿਲੇ ਦੇ 6 ਬਲਾਕਾਂ ਦੇ 9 ਪਿੰਡਾਂ ’ਚ ਕਰੋਨਾ ਟੈਸਟਿੰਗ ਕੈਂਪ ਲਗਾਏ ਗਏ। ਇਨਾਂ ਕਰੋਨਾ ਟੈਸਟਿੰਗ ਕੈਂਪਾਂ ਵਿੱਚ 1085 ਵਿਅਕਤੀਆਂ ਦੇ ਸੈਂਪਲ ਲਏ ਗਏ, ਜਿਨਾਂ ਵਿਚੋਂ ਪੱਕਾ ਕਲਾਂ ਵਿਖੇ 289, ਗੋਬਿੰਦਪੁਰਾ ਵਿਖੇ 144, ਭੁੰਦੜ ਵਿਖੇ 157, ਮਹਿਮਾ ਭਗਵਾਨਾਂ ਵਿਖੇ 110, ਫੂਸ ਮੰਡੀ ਵਿਖੇ 138, ਗੁਰਦਿੱਤਾ ਸਿੰਘ ਵਾਲਾ ਵਿਖੇ 47, ਕੋਠੇ ਬਾਬਾ ਸੁਖਾਨੰਦ ਵਿਖੇ 72, ਕੁੱਤੀਵਾਲ ਖੁਰਦ ਵਿਖੇ 61 ਅਤੇ ਨੰਗਲਾ ਵਿਖੇ 67 ਵਿਅਕਤੀਆਂ ਦੇ ਸੈਂਪਲ ਲਏ ਗਏ। ਇਨਾਂ ਲਏ ਗਏ 1085 ਸੈਂਪਲਾਂ ਵਿਚੋਂ 26 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।