![ਸ਼ਰਾਬ ਦੇ ਉਤਪਾਦਨ, ਭੰਡਾਰਨ ਤੇ ਵੰਡ ਸਬੰਧੀਂ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ-ਸੰਦੀਪ ਹੰਸ ਸ਼ਰਾਬ ਦੇ ਉਤਪਾਦਨ, ਭੰਡਾਰਨ ਤੇ ਵੰਡ ਸਬੰਧੀਂ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ-ਸੰਦੀਪ ਹੰਸ](https://newsmakhani.com/wp-content/uploads/2021/12/ਸ਼ਰਾਬ-ਦੇ-ਉਤਪਾਦਨ-ਭੰਡਾਰਨ-ਤੇ-ਵੰਡ-ਸਬੰਧੀਂ-ਚੋਣ-ਕਮਿਸ਼ਨ-ਵੱਲੋਂ-ਜਾਰੀ-ਦਿਸ਼ਾ-ਨਿਰਦੇਸ਼ਾਂ-.jpg)
‘ਵਿਧਾਨ ਸਭਾ ਚੋਣਾਂ-2022’
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਬਕਾਰੀ ਅਧਿਕਾਰੀਆਂ ਨਾਲ ਮੀਟਿੰਗ
ਸ਼ਰਾਬ ਦੀ ਤਸਕਰੀ, ਨਜਾਇਜ਼ ਢੋਆ-ਢੋਆਈ, ਗ਼ੈਰਕਾਨੂੰਨੀ ਵਿਕਰੀ ਅਤੇ ਚੋਣਾਂ ਲਈ ਵਰਤਣ ਵਾਸਤੇ ਸ਼ਰਾਬ ਦੀ ਸਟੋਰੇਜ ‘ਤੇ ਤਿੱਖੀ ਨਿਗਰਾਨੀ ਦੇ ਨਿਰਦੇਸ਼
ਪਟਿਆਲਾ, 31 ਦਸੰਬਰ 2021
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਆਬਕਾਰੀ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕਰਕੇ ਆਗਾਮੀ ਚੋਣਾਂ ‘ਚ ਸ਼ਰਾਬ ਦੇ ਉਤਪਾਦਨ, ਭੰਡਾਰਨ ਤੇ ਵੰਡ ਸਬੰਧੀਂ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।
ਹੋਰ ਪੜ੍ਹੋ :-ਐਸ.ਐਸ .ਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਪੁਲਿਸ ਵਿਭਾਗ ਨੇ ਸਾਲ 2021 ਵਿਚ ਨਵੇਂ ਮੀਲ ਪੱਥਰ ਸਥਾਪਤ ਕੀਤੇ
ਸ੍ਰੀ ਸੰਦੀਪ ਹੰਸ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ 14 ਨਵੰਬਰ 2013 ਨੂੰ ਜਾਰੀ ਪੱਤਰ ‘ਚ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਹਵਾਲੇ ਨਾਲ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਸ਼ਰਾਬ ਦੀ ਤਸਕਰੀ, ਨਜਾਇਜ਼ ਢੋਆ-ਢੋਆਈ, ਗ਼ੈਰਕਾਨੂੰਨੀ ਵਿਕਰੀ ਅਤੇ ਚੋਣਾਂ ਲਈ ਵਰਤਣ ਵਾਸਤੇ ਸ਼ਰਾਬ ਦੀ ਸਟੋਰੇਜ ‘ਤੇ ਤਿੱਖੀ ਨਿਗਰਾਨੀ ਰੱਖਦੇ ਹੋਏ, ਅਜਿਹੇ ਗ਼ੈਰਕਾਨੂੰਨੀ ਧੰਦੇ ਨੂੰ ਨੱਥ ਪਾਈ ਜਾਵੇ। ਇਸ ਤੋਂ ਬਿਨ੍ਹਾਂ ਚੋਣਾਂ ਦੌਰਾਨ ਸ਼ਰਾਬ ਦੀ ਵਿਕਰੀ ਕਿਸੇ ਤਰ੍ਹਾਂ ਦੇ ਟੋਕਨ ਜਾਂ ਕੂਪਨ ਆਦਿ ਦੇ ਨਾਲ ਨਾ ਹੋਣ ਦਿੱਤੀ ਜਾਵੇ ਅਤੇ ਨਾ ਹੀ ਸ਼ਰਾਬ ਗ਼ੈਰਕਾਨੂੰਨੀ ਤੌਰ ‘ਤੇ ਕਿਸੇ ਥਾਂ ਵੰਡੀ ਜਾਵੇ ਅਤੇ ਖਾਸ ਕਰਕੇ ਸਰਹੱਦੀ ਇਲਾਕਿਆਂ, ਜਿੱਥੋਂ ਸ਼ਰਾਬ ਦੀ ਤਸਕਰੀ ਹੋਣ ਦੀ ਸੰਭਾਵਨਾ ਹੋਵੇ, ਵਿਖੇ ਖ਼ਾਸ ਨਜ਼ਰ ਰੱਖੀ ਜਾਵੇ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਈ.ਟੀ.ਓ. ਆਬਕਾਰੀ ਰੋਹਿਤ ਗਰਗ ਨੂੰ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੀ ਕਿਸੇ ਵੀ ਤਰ੍ਹਾਂ ਦੀ ਗ਼ੈਰਕਾਨੂੰਨੀ ਸਟੋਰੇਜ ਨਾ ਹੋਣ ਦਿੱਤੀ ਜਾਵੇ ਅਤੇ ਸ਼ਰਾਬ ਦੀ ਡਿਸਟਲਰੀਆਂ ‘ਚੋਂ ਆਮਦ, ਸਟਾਕ ਰਜਿਸਟਰ ਅਤੇ ਵਿਕਰੀ ਦਾ ਰੋਜ਼ਾਨਾ ਪੂਰਾ ਰਿਕਾਰਡ ਰੱਖਿਆ ਜਾਵੇ।
ਉਨ੍ਹਾਂ ਨਿਰਦੇਸ਼ ਦਿੱਤੇ ਕਿ ਇਸ ਸਬੰਧੀਂ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਫਾਰਮੇ ਵਿੱਚ ਭਰਕੇ ਰਿਪੋਰਟ ਰੋਜ਼ਾਨਾ ਦੇ ਅਧਾਰ ‘ਤੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਨੂੰ ਭੇਜੀ ਜਾਵੇ। ਇਸ ਦੇ ਨਾਲ ਹੀ ਸੰਵੇਦਨਸ਼ੀਲ ਇਲਾਕਿਆਂ ਵਿਚਲੇ ਸ਼ਰਾਬ ਦੇ ਠੇਕਿਆਂ ਦੀ ਮੋਨੀਟਰਿੰਗ ਵੀ ਕੀਤੀ ਜਾਵੇ।
ਈ.ਟੀ.ਓ. ਆਬਕਾਰੀ ਰੋਹਿਤ ਗਰਗ ਨੇ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹਾ ਚੋਣ ਅਫ਼ਸਰ ਸਮੇਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਇੰਨਬਿੰਨ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿਕਮੇ ਨੇ ਸ਼ਰਾਬ ਦੀ ਨਾਜਾਇਜ਼ ਤੌਰ ‘ਤੇ ਪ੍ਰਚੂਨ ਵਿਕਰੀ ਕਰਨ ਵਾਲੇ ਬੂਟਲੈਗਰਜ ਦੀ ਸੂਚੀ ਬਣਾ ਕੇ ਪੁਲਿਸ ਨੂੰ ਸੌਂਪੀ ਹੈ ਅਤੇ ਅਜਿਹੇ ਗ਼ੈਰਸਮਾਜੀ ਅਨਸਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪੀ.ਡੀ.ਏ ਦੇ ਏ.ਸੀ.ਏ. ਤੇ ਖ਼ਰਚੇ ਸਬੰਧੀ ਨੋਡਲ ਅਫ਼ਸਰ ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਚੋਣ ਤਹਿਸੀਲਦਾਰ ਰਾਮਜੀ ਲਾਲ, ਕਾਨੂੰਗੋ ਪ੍ਰਿਯੰਕਾ ਰਾਣੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਫੋਟੋ ਕੈਪਸ਼ਨ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਆਬਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।