9 ਨਵੰਬਰ ਕਾਨੂੰਨੀ ਸੇਵਾਵਾਂ ਦਿਵਸ ਮਨਾਇਆ
ਕਾਨੂੰਨੀ ਸੇਵਾਵਾਂ ਦਿਵਸ ਤੇ ਜਾਗਰੂਕਤਾ ਬੱਸਾਂ ਪਿੰਡ-ਪਿੰਡ ਲਈ ਕੀਤੀਆਂ ਰਵਾਨਾ
ਰੂਪਨਗਰ 9 ਨਵੰਬਰ 2021
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅੱਜ 9 ਨਵੰਬਰ ਨੂੰ ਕਾਨੂੰਨੀ ਸੇਵਾਵਾਂ ਦਿਵਸ ਮਨਾਇਆ ਜਿਸ ਵਿੱਚ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਜੱਜ ਸਾਹਿਬਾਨ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਵਕੀਲ ਸਾਹਿਬਾਨ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਇਕੱਠੇ ਹੋਏ। ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਨੇ ਸਾਰਿਆਂ ਨੂੰ ਕਾਨੂੰਨੀ ਸੇਵਾਵਾਂ ਦਿਵਸ ਦੀ ਵਧਾਈ ਦਿੰਦਿਆਂ ਮੁਫਤ ਕਾਨੂੰਨੀ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਉਨ੍ਹਾਂ ਪਿੰਡ ਪਿੰਡ ਵਿੱਚ ਕਾਨੂੰਨੀ ਜਾਗਰੂਕਤਾ ਫੈਲਾਉਣ ਲਈ ਇੱਕ ਬੱਸ ਤੇ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚ ਪੈਰਾ ਲੀਗਲ ਵਲੰਟੀਅਰ ਜ਼ਿਲ੍ਹੇ ਦੇ 10 ਪਿੰਡਾਂ ਕੋਟਲਾ ਨਿਹੰਗ, ਰੰਗੀਲਪੁਰ, ਸੋਲਖੀਆਂ, ਖਾਬੜਾਂ, ਆਲਮਪੁਰ, ਕਟਲੀ, ਚੱਕ ਢੇਰਾਂ, ਪਤਿਆਲਾ, ਰੈਲੋਂ, ਕਾਈਨੌਰ ਆਦਿ ਵਿੱਚ ਘੁੰਮੇ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਸ੍ਰੀ ਮਾਨਵ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਆਪਣੀ ਟੀਮ ਨਾਲ ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਚਮਕੌਰ ਸਾਹਿਬ ਵਿਖੇ ਕਾਨੂੰਨੀ ਸੇਵਾਵਾਂ ਦਿਵਸ ਬਾਬਤ ਇੱਕ ਵਿਸ਼ੇਸ਼ ਸੈਮੀਨਾਰ ਕਾਲਜ ਦੇ ਵਿਦਿਆਰਥੀਆਂ ਨਾਲ ਲਗਾਇਆ।
ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁਫਤ ਕਾਨੂੰਨੀ ਸੇਵਾਵਾਂ ਵਿੱਚ ਕੀ-ਕੀ ਮਿਲਦਾ ਹੈ, ਲੋੜਵੰਦ ਵਿਅਕਤੀ ਕਿਸ ਤਰ੍ਹਾਂ ਇਹ ਸਹਾਇਤਾ ਲੈ ਸਕਦੇ ਹਨ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਕਿੱਥੇ ਪਹੁੰਚ ਕਰਨੀ ਹੈ, ਬਾਰੇ ਵਿਸਥਾਰ ਪੂਰਵਕ ਸਮਝਾਇਆ। ਸੀਨੀਅਰ ਪੈਰਾ ਲੀਗਲ ਵਲੰਟੀਅਰ ਸ੍ਰੀ ਸੁਰਜਨ ਸਿੰਘ, ਰਿਟਾਇਡ ਪ੍ਰੋਫੈਸਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਮੁਫਤ ਕਾਨੂੰਨੀ ਸਹਾਇਤਾ ਦਾ ਖੁਦ ਲਾਭ ਲੈਣ ਅਤੇ ਹੋਰਨਾਂ ਨੂੰ ਇਸ ਬਾਰੇ ਜਾਗਰਿਤ ਕਰਨ ਲਈ ਪ੍ਰੇਰਿਆ। ਇਸ ਸੈਮੀਨਾਰ ਵਿੱਚ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਨੇ ਸਾਰਿਆਂ ਨੂੰ ਕਾਨੂੰਨੀ ਸੇਵਾਵਾਂ ਦਿਵਸ ਦੀ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਸ੍ਰੀ ਮਾਨਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਅਗਲੀ ਨੈਸ਼ਨਲ ਲੋਕ ਅਦਾਲਤ 11 ਦਸੰਬਰ, 2021 ਨੂੰ ਜ਼ਿਲ੍ਹਾ ਕਚਹਿਰੀਆਂ, ਰੂਪਨਗਰ ਵਿੱਚ ਲਗਾਈ ਜਾ ਰਹੀ ਹੈ ਜਿਸ ਵਿੱਚ ਆਮ ਲੋਕ ਵੱਧ ਤੋਂ ਵੱਧ ਕੇਸ ਲਗਾ ਕੇ ਅਤੇ ਉਨ੍ਹਾਂ ਦੀ ਆਪਸੀ ਰਜ਼ਾਮੰਦੀ ਨਾਲ ਫੈਸਲਾ ਕੋਰਟ ਤੋਂ ਕਰਵਾ ਕੇ ਇਸ ਦਾ ਲਾਭ ਲੈ ਸਕਦੇ ਹਨ।