ਸੂਬੇ ਦੇ ਲੋਕਾਂ ਨਾਲ ਧੋਖਾ ਕਰਨ ਲਈ ਕੈਪਟਨ ਲੋਕਾਂ ਕੋਲੋਂ ਮੰਗਣ ਮੁਆਫੀ
ਪੰਜਾਬ ਕਾਂਗਰਸ ਦੇ 4 ਸਾਲ ਹੀ ਨਹੀਂ ਬਾਦਲ-ਕੈਪਟਨ ਦੇ ਪਿਛਲੇ 25 ਸਾਲਾਂ ਦਾ ਹਿਸਾਬ ਮੰਗਦਾ ਹੈ
ਅਕਾਲੀਆਂ ਨੂੰ ਆਪਣੇ ਕੀਤੇ ਕੁਕਰਮਾਂ ਲਈ ਸਿਆਸੀ ਰੈਲੀਆਂ ਕਰਨ ਦੀ ਥਾਂ ‘ਪਸ਼ਚਾਤਾਪ ਰੈਲੀਆਂ’ ਕਰਨੀਆਂ ਚਾਹੀਦੀਆਂ ਹਨ
ਅਕਾਲੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਅਤੇ ਕੈਪਟਨ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਝੂਠੀ ਸਹੁੰ ਖਾਧੀ, ਦੋਵੇਂ ਬਰਾਬਰ ਦੇ ਦੋਸ਼ੀ
ਚੰਡੀਗੜ੍ਹ, 6 ਅਪ੍ਰੈਲ , 2021
ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਕਾਂਗਰਸ ਅਤੇ ਅਕਾਲੀ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਵੇਂ ਧਿਰਾਂ ਨੇ ਸੱਤਾ ਰਹਿੰਦੇ ਹੋਏ ਹਮੇਸ਼ਾ ਸੂਬੇ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੋ ਅੱਜ ਪੰਜਾਬ ਦੀ ਹਾਲਤ ਹੋਈ ਹੈ ਉਹ ਸਿਰਫ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਬਾਹ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੋਵੇਂ ਹੀ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਚੋਣਾਂ ਸਮੇਂ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ੍ਹਕੇ ਅਨੇਕਾਂ ਵਾਅਦੇ ਕੀਤੇ ਸਨ, ਪਰ ਸੱਤਾ ਦੇ ਨਸ਼ੇ ਵਿੱਚ ਸਭ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਕੋਲੋਂ ਸਿਰਫ ਪਿਛਲੇ ਚਾਰ ਸਾਲ ਹੀ ਨਹੀਂ ਪਿਛਲੇ 25 ਸਾਲਾਂ ਦਾ ਹਿਸਾਬ ਮੰਗਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਕੀਤੀਆਂ ਗਈਆਂ ਵੱਡੀਆਂ ਗਲਤੀਆਂ ਕਰਕੇ ਅੱਜ ਪੰਜਾਬ ਬਰਬਾਦੀ ਦੇ ਕਿਨਾਰੇ ਆ ਖੜ੍ਹਾ ਹੈ। ਉਨ੍ਹਾਂ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਲੈ ਕੇ ਕਿਹਾ ਕਿ ਅਕਾਲੀਆਂ ਨੂੰ ਆਪਣੇ ਕੀਤੇ ਕੁਕਰਮਾਂ ਲਈ ਸਿਆਸੀ ਰੈਲੀਆਂ ਕਰਨ ਦੀ ਥਾਂ ਪਸ਼ਚਾਤਾਪ ਰੈਲੀਆਂ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਲੋਕਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅਤੇ ਕੈਪਟਨ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਝੂਠੀ ਸਹੁੰ ਖਾਧੀ ਦੋਵੇਂ ਬਰਾਬਰ ਦੇ ਦੋਸ਼ੀ ਹਨ, ਜਿਨ੍ਹਾਂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਨ੍ਹਾਂ ਕਿਹਾ ਕਿ ਅੱਜ ਆਜ਼ਾਦੀ ਦੇ 74 ਸਾਲ ਬੀਤ ਜਾਣ ਬਾਅਦ ਵੀ ਪੰਜਾਬ ਦੇ ਲੋਕ ਆਮ ਸੁਵਿਧਾਵਾਂ ਤੋਂ ਵੀ ਵਾਂਝੇ ਹਨ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਸੱਤਾ ਵਿਚ ਰਹਿੰਦੇ ਹੋਏ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਹਮੇਸ਼ਾਂ ਆਪਣੀਆਂ ਜੇਬਾਂ ਭਰਨ ਲਈ ਕੰਮ ਕੀਤਾ ਹੈ, ਜਦੋਂ ਕਿ ਆਮ ਲੋਕਾਂ ਅਤੇ ਪੰਜਾਬ ਦੇ ਸਾਰੇ ਸਰੋਤਾਂ ਨੂੰ ਲੁੱਟਿਆ ਹੈ।