ਫ਼ਿਰੋਜ਼ਪੁਰ 9 ਮਾਰਚ, 2022
ਸਮਾਜ ਦੇ ਸਮੁੱਚੇ ਵਿਕਾਸ ਅਤੇ ਖੁਸ਼ਹਾਲੀ ਲਈ ਔਰਤ ਵਰਗ ਦਾ ਆਤਮ ਨਿਰਭਰ ਹੋਣਾ ਅਤੇ ਉਨ੍ਹਾਂ ਦੀ ਸਮਾਜਿਕ,ਆਰਥਿਕ ਅਤੇ ਰਾਜਨੀਤਿਕ ਭਾਗੀਦਾਰੀ ਨੂੰ ਵਧਾਉਣਾ ਬੇਹੱਦ ਜ਼ਰੂਰੀ ਹੈ, ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਸ. ਅਮਰਦੀਪ ਸਿੰਘ ਗੁਜਰਾਲ ਨੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਲ੍ਹਾ ਪ੍ਰੀਸ਼ਦ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਦੇ ਪ੍ਰਧਾਨਗੀ ਸੰਬੋਧਨ ਵਿੱਚ ਕਹੀ।
ਹੋਰ ਪੜ੍ਹੋ :- ਪੁਲੀਸ ਲਾਈਨ ਵਿਖੇ ਅੰਤਰ-ਰਾਸ਼ਟਰੀ ਔਰਤ ਦਿਵਸ ਮਨਾਇਆ
ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ, ਅੱਜ ਔਰਤ ਵਰਗ ਨੇ ਸਮਾਜ ਦੇ ਹਰ ਖੇਤਰ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕਰਕੇ ਨਾਰੀ ਸ਼ਕਤੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਸੈਲਫ ਹੈਲਪ ਗਰੁੱਪ ਦੀਆਂ ਮੈਂਬਰਾਂ ਨੂੰ ਸਵੈ ਰੋਜ਼ਗਾਰ ਦੀ ਮਹੱਤਤਾ ਅਤੇ ਉਸ ਨੂੰ ਸ਼ੁਰੂ ਕਰਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਮੱਦਦ ਦਾ ਵਿਸ਼ਵਾਸ਼ ਵੀ ਦਿੱਤਾ ।
ਸਮਾਗਮ ਦੇ ਪ੍ਰਬੰਧਕ ਅਸ਼ੋਕ ਬਹਿਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਡਾ ਸਤਿੰਦਰ ਸਿੰਘ ਪ੍ਰਧਾਨ ਐਗਰੀਡ ਫਾਊਂਡੇਸ਼ਨ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ, ਵਿਸ਼ਵ ਔਰਤ ਦਿਵਸ ਮੌਕੇ ਵੱਖ ਵੱਖ ਸੈੱਲਫ ਹੈੱਲਪ ਗਰੁੱਪਾਂ ਦੀਆਂ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸਵੈ ਨਿਰਭਰ 40 ਤੋਂ ਵੱਧ ਔਰਤਾਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ ਅਤੇ ਵੱਧ ਤੋਂ ਵੱਧ ਔਰਤਾਂ ਨੂੰ ਸੈਲਫ ਹੈਲਪ ਗਰੁੱਪ ਰਾਹੀਂ ਸਵੈ ਰੁਜ਼ਗਾਰ ਸ਼ੁਰੂ ਕਰਕੇ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ ।ਖੁਸ਼ੀ ਦੇ ਇਸ ਮੌਕੇ ਤੇ ਕੇਕ ਕੱਟਣ ਦੀ ਰਸਮ ਵੀ ਉਤਸ਼ਾਹ ਪੂਰਵਕ ਪੂਰੀ ਕੀਤੀ ।
ਇਸ ਮੌਕੇ ਸੈੱਲਫ ਹੈੱਲਪ ਗਰੁੱਪ ਦੀਆਂ ਕਾਮਯਾਬ ਮੈਂਬਰਾਂ ਨੇ ਆਪਣੀ ਸਫ਼ਲਤਾ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਸੁਣਾਈਆਂ ਜੋ ਸਰੋਤਿਆਂ ਲਈ ਬੇਹੱਦ ਲਾਹੇਵੰਦ ਰਹੀਆਂ । ਉਨ੍ਹਾਂ ਨੇ ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਔਰਤ ਦੀ ਮਹੱਤਤਾ ਨੂੰ ਦਰਸਾਉਂਦੇ ਗੀਤ ਗਾ ਕੇ ਸਰੋਤਿਆਂ ਦਾ ਖੂਬ ਮਨੋਰੰਜਨ ਵੀ ਕੀਤਾ ਇਸ ਮੌਕੇ ਮਨਿੰਦਰ ਸਿੰਘ ਪ੍ਰੋਜੈਕਟ ਮੈਨੇਜਰ ਅਤੇ ਦੇਵੀ ਪ੍ਰਸ਼ਾਦ ਬੀਪੀਈਓ ਨੇ ਵੀ ਆਪਣੇ ਸੰਬੋਧਨ ਵਿਚ ਅੰਤਰਰਾਸ਼ਟਰੀ ਔਰਤ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਔਰਤ ਦੀ ਸਮਾਜ ਵਿੱਚ ਮਹੱਤਤਾ ਦਾ ਜਿਕਰ ਕੀਤਾ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵਿਪੁਲ ਨਾਰੰਗ ਅਮਿਤ ਫਾਊਂਡੇਸ਼ਨ,ਮੋਹਿਤ ਅਰੋੜਾ ਜਿਲਾ ਪ੍ਰੋਗਰਾਮ ਅਫਸਰ, ਮਨਿੰਦਰ ਸਿੰਘ ਜਿਲ੍ਹਾ ਫੰਕਸ਼ਨ ਮੈਨੇਜਰ,ਸੀਤਾ ਦੇਵੀ , ਬਲਵਿੰਦਰ ਕੌਰ ਪ੍ਰੋਗਰਾਮ ਅਫਸਰ, ਦੇਵੀ ਪ੍ਰਸ਼ਾਦ ਬਲਾਕ ਸਿਖਿਆ ਅਫਸਰ,ਸੂਰਜ ਮਹਿਤਾ, ਵਿਪੁਲ ਨਾਰੰਗ ,ਸੋਹਨ ਸਿੰਘ ਸੋਢੀ ,ਮੋਹਿਤ ਬਾਂਸਲ ਨੇ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਸਮਾਗਮ ਵਿੱਚ ਸ਼ਲਿੰਦਰ ਕੁਮਾਰ ਪ੍ਰਧਾਨ ਫਿਰੋਜ਼ਪੁਰ ਫਾਊਂਡੇਸ਼ਨ ਗੌਰੀ ਮਹਿਤਾ ਪ੍ਰਧਾਨ ਕਬੀਰਾ ਫਾਊਂਡੇਸ਼ਨ ਤੋ ਇਲਾਵਾ ਐਗਰੀਡ ਫਾਉਂਡੇਸ਼ਨ , ਐਟੀ ਕੋਰੋਨਾ ਟਾਸਕ ਫੋਰਸ , ਅਮਿਤ ਫਾਉਂਡੇਸ਼ਨ ,ਹੂਸੈਨੀ ਵਾਲਾ ਰਾਈਡੱਰਜ਼, ਹਰਿਆਵਲ ਪੰਜਾਬ ਦੇ ਨੁਮਾਇੰਦੇ ਅਤੇ ਜਿਲ੍ਹਾ ਪ੍ਰੀਸ਼ਦ ਦਾ ਸਟਾਫ ਵੀ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।