ਜਿਲ੍ਹਾ ਖੇਤੀਬਾਡ਼ੀ ਅਫਸਰ ਨੂੰ ਨਿਗਰਾਨੀ ਰੱਖਣ ਦੀ ਹਦਾਇਤ
ਮੰਗ ਨੂੰ ਪੂਰਾ ਕਰਨ ਲਈ ਸਪਲਾਈ ਵਿੱਚ ਤੇਜ਼ੀ ਲਿਆਈ ਜਾ ਰਹੀ
ਚੰਡੀਗੜ, 13 ਨਵੰਬਰ 2021
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਦੁਕਾਨਦਾਰ ਜਾ ਡੀਲਰ ਵਲੋਂ ਡੀਏਪੀ (ਡਾਈ-ਅਮੋਨੀਅਮ ਫਾਸਫੇਟ) ਦੀ ਵਿਕਰੀ ਤੈਅ ਕੀਮਤ ਤੋਂ ਵੱਧ ਕੀਤੀ ਗਈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਖੇਤੀਬਾੜੀ ਅਫਸਰਾਂ ਤੇ ਵਿਕਾਸ ਅਫਸਰਾਂ ਨੂੰ ਡੀ.ਏ.ਪੀ ਦੀ ਕਾਲਾਬਾਜਾਰੀ ਅਤੇ ਜ਼ਮਾਖੋਰੀ ਅਤੇ ਹੋਰ ਉਤਪਾਦਾਂ ਦੀ ਬੇਲੋੜੀ ਟੈਗਿੰਗ ‘ਤੇ ਸਖਤ ਨਜਰ ਰੱਖਣ ਲਈ ਨਿਰਦੇਸ਼ ਦਿੱਤੇ ਹਨ। ਉਨਾਂ ਚੇਤਾਵਨੀ ਦਿੱਤੀ ਕਿ ਡਿਫਾਲਟਰ ਡੀਲਰਾਂ/ਪੀਏਸੀਐਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡੀਏਪੀ ਦੀ ਵਿਕਰੀ ਤੈਅ ਕੀਮਤ ਤੋਂ ਵੱਧ ਇਕ ਘਟਨਾ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਵਿੰਦਰਪਾਲ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਬਸੀ ਵੱਲੋਂ ਕੀਤੀ ਗਈ ਸ਼ਿਕਾਇਤ ਸਬੰਧੀ ਮੈ/ਸ ਨਿਊ ਰਾਣਾ ਸੀਡ ਸਟੋਰ ਬੁੰਗਾ ਸਾਹਿਬ ਦੀ ਦੁਕਾਨ ਦੀ ਚੈਕਿੰਗ ਰਾਕੇਸ਼ ਕੁਮਾਰ ਖੇਤੀਬਾਡ਼ੀ ਅਫਸਰ ਵਲੋਂ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਡੀਲਰ ਪਾਸ ਡੀ ਏ ਪੀ ਦੇ 250 ਬੈਗ 8 ਨਵੰਬਰ ਨੂੰ ਪ੍ਰਾਪਤ ਕੀਤੇ ਸੀ ਉਸ ਵਿੱਚੋਂ ਹੁਣ ਤੱਕ 100 ਬੈਗਾਂ ਦੀ ਸੇਲ ਕੀਤੀ ਗਈ ਹੈ ਅਤੇ 150 ਬੈਗ ਦੁਕਾਨ ਤੇ ਬਕਾਇਆ ਪਏ ਸੀ।
ਜਦੋਂ ਦਵਿੰਦਰਪਾਲ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਵਾਸੀ ਦੀ ਸ਼ਿਕਾਇਤ ਸਬੰਧੀ ਪੁੱਛਿਆ ਗਿਆ ਕਿ ਤੁਹਾਡੇ ਵੱਲੋਂ 1400 ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਡੀ ਏ ਪੀ ਖਾਦ ਦੀ ਵਿਕਰੀ ਕੀਤੀ ਗਈ ਹੈ ਤਾਂ ਸਬੰਧਤ ਦੁਕਾਨਦਾਰ ਵੱਲੋਂ ਦੱਸਿਆ ਗਿਆ ਕਿ ਜ਼ਿਮੀਂਦਾਰ ਵੱਲੋਂ ਉਸ ਨੂੰ 10000 ਰੁਪਏ ਦਿੱਤੇ ਗਏ ਸਨ ਅਤੇ ਦਵਿੰਦਰਪਾਲ ਵੱਲੋਂ ਬੈਗ 7 ਬੈਗ ਡੀ ਏ ਪੀ ਦੇ ਪ੍ਰਾਪਤ ਕੀਤੇ ਗਏ ਸਨ। ਖਾਦ ਦਾ ਇੰਦਰਾਜ ਮਸ਼ੀਨ ਵਿਚ ਨਾ ਹੋਣ ਕਰਕੇ ਉਸ ਸਮੇਂ ਬਿੱਲ ਨਹੀਂ ਕੱਟਿਆ ਗਿਆ ਸੀ ਅਤੇ ਮਿਤੀ 10 ਨਵੰਬਰ ਨੂੰ ਸਬੰਧਤ ਜ਼ਿਮੀਂਦਾਰ ਨੂੰ ਬਿੱਲ ਕੱਟ ਕੇ ਦਿੱਤਾ ਗਿਆ ਅਤੇ ਬਕਾਇਆ ਪੈਸੇ ਵੀ ਵਾਪਸ ਦੇ ਦਿੱਤੇ ਗਏ ਹਨ।
ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋੰ ਸੂਚਨਾ ਦਿੱਤੀ ਗਈ ਹੈ ਕਿ ਹੋਰ ਜ਼ਿਮੀਂਦਾਰਾਂ ਤੋਂ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਉਨ੍ਹਾਂ ਨੂੰ ਡੀ ਏ ਪੀ ਖਾਦ 1200 ਰੁੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਹੀ ਦਿੱਤੀ ਗਈ ਹੈ। ਖੇਤੀਬਾੜੀ ਵਿਭਾਗ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਐੱਨ ਪੀ ਕੇ ਖਾਦ ਦੀ ਡੀਲਰਾਂ ਪਾਸ ਪ੍ਰਾਪਤ ਹੋ ਰਹੀ ਹੈ ਜਿਸ ਦਾ ਰੇਟ 1390 ਰੁਪਏ ਪ੍ਰਤੀ ਬੈਗ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਅਤੇ ਹੋਰ ਖਾਦਾਂ ਦੀ ਸਪਲਾਈ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਡੀਏਪੀ ਦੇ ਰੈਕ ਸੂਬੇ ਵਿੱਚ ਪਹਿਲ ਦੇ ਆਧਾਰ ’ਤੇ ਭੇਜੇ ਜਾਣਗੇ।
ਉਨ੍ਹਾਂ ਦੱਸਿਆ ਕਿ ਪੂਰੇ ਜ਼ਿਲ੍ਹੇ ਦੀ ਡੀਏਪੀ ਦੀ ਮੰਗ ਦੱਸ ਹਜ਼ਾਰ ਮੀਟਰਿਕ ਟਨ ਹੈ ਜਦਕਿ ਹੁਣ ਤੱਕ ਸੱਤ ਹਜ਼ਾਰ ਮੀਟਰਿਕ ਟਨ ਦੀ ਸਪਲਾਈ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਕੇਂਦਰ ਸਰਕਾਰ ਵੱਲੋਂ ਡੀਏਪੀ ਦੀ ਸਪਲਾਈ ਕੀਤੀ ਜਾ ਰਹੀ ਹੈ ਜਿਸ ਨੂੰ ਮਿਲਦੇ ਸਾਰ ਜਲਦ ਜ਼ਿਲ੍ਹੇ ਵਿਚ ਵੰਡ ਦਿੱਤਾ ਜਾਵੇਗਾ।