ਰੂਪਨਗਰ 2 ਮਾਰਚ 2022
ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ-ਰੇਖ ਵਿੱਚ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਤੇ ਰੰਜਨਾ ਕਤਿਆਲ ਦੀ ਅਗਵਾਈ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਮਾਵਾਂ ਦੀ ਸਿਖਲਾਈ ਵਰਕਸ਼ਾਪ ਜ਼ਿਲ੍ਹੇ ਦੇ ਸਾਰੇ ਪ੍ਰਾਈਮਰੀ ਸਕੂਲਾਂ ‘ਚ ਲਗਾਈ ਗਈ।
ਹੋਰ ਪੜ੍ਹੇਂ :-ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਨਾਭਾ ਵਿਖੇ ਵੱਖ-ਵੱਖ ਜੇਲਾਂ ਦਾ ਦੌਰਾ
ਇਸ ਵਰਕਸ਼ਾਪ ਵਿੱਚ ਦਸ ਬਲਾਕਾਂ ਦੇ ਸਮੂਹ ਸਕੂਲਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਸੋਢੀ ਨੇ ਦੱਸਿਆ ਕਿ ਬੱਚੇ ਦੀ ਸ਼ਖ਼ਸੀਅਤ ਉਸਾਰੀ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਮਾਂ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ । ਇਸ ਲਈ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਸਿੱਖਿਅਤ ਕਰਨ ਲਈ ਉਚੇਚੇ ਤੌਰ ਤੇ ਲਗਾਈ ਜਾ ਰਹੀ ਵਰਕਸ਼ਾਪ ਦਾ ਉਦੇਸ਼ ਹੈ ਕਿ ਮਾਵਾਂ ਨੂੰ ਉਹਨਾਂ ਦੇ ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੇਧ ਦਿੱਤੀ ਜਾ ਸਕੇ ਅਤੇ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਪ੍ਰਦਾਨ ਕੀਤੀ ਜਾ ਰਹੀ ਮਿਆਰੀ ਅਤੇ ਰੌਚਕ ਸਿੱਖਿਆ ਬਾਰੇ ਜਾਗਰੂਕ ਕੀਤਾ ਜਾ ਸਕੇ । ਉਹਨਾਂ ਕਿਹਾ ਕਿ ਇਸ ਵਰਕਸ਼ਾਪ ਵਿੱਚ ਸਿਖਲਾਈ ਪ੍ਰਾਪਤ ਕਰਕੇ ਇਹ ਮਾਵਾਂ ਬਾਕੀ ਬੱਚਿਆਂ ਦੀਆਂ ਮਾਵਾਂ ਨੂੰ ਵੀ ਜਾਗਰੂਕ ਕਰ ਸਕਣਗੀਆਂ ਅਤੇ ਉਹਨਾਂ ਨੂੰ ਵੀ ਪ੍ਰੇਰਿਤ ਕਰ ਸਕਣਗੀਆਂ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਵਿਭਾਗ ਵੱਲੋਂ ਪ੍ਰੀ- ਪ੍ਰਾਇਮਰੀ ਸਿੱਖਿਆ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਚਲ ਰਹੀਆਂ ਹਨ। ਇਹਨਾਂ ਜਮਾਤਾਂ ਨੂੰ ਸ਼ੁਰੂ ਕਰਨ ਦਾ ਉਦੇਸ਼ 3 ਤੋਂ 6 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਗ੍ਰਹਿਣ ਕਰਨ ਲਈ ਤਿਆਰ ਕਰਨਾ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਹਨਾਂ ਕਿਹਾ ਕਿ ਇਸ ਸਕੂਲ ਪੱਧਰੀ ਵਰਕਸ਼ਾਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਿਭਾਗ ਵੱਲੋਂ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਹੈ। ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਸਿੱਖਿਆ ਨੂੰ ਮਿਆਰੀ ਅਤੇ ਹੋਰ ਰੌਚਕ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਇਸ ਸਿਖਲਾਈ ਵਰਕਸ਼ਾਪ ਵਿੱਚ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸੈਣੀ, ਸਮੂਹ ਬੀ ਪੀ ਈ ਓ ਅਤੇ ਸਮੂਹ ਸੀ ਐਂਚ ਟੀ ਸਾਹਿਬਾਨ ਨੇ ਮਹੱਤਵਪੂਰਨ ਯੋਗਦਾਨ ਪਾਇਆ ।