18 ਸਾਲ ਦੇ ਹੋ ਚੁੱਕੇ ਵਿਦਿਆਰਥੀਆਂ ਆਪਣੀ ਵੋਟ ਤੁਰੰਤ ਬਣਵਾਉਣ – ਡਿਪਟੀ ਕਮਿਸ਼ਨਰ
ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਕੀਤਾ ਜਾਗਰੂਕ
ਫਿਰੋਜ਼ਪੁਰ 16 ਨਵੰਬਰ 2021
ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਫਿਰੋਜ਼ਪੁਰ ਵਿਖੇ ਵਿਦਿਆਰਥੀਆਂ ਨੂੰ ਭਾਰਤ ਵਰਗੇ ਲੋਕਤੰਤਰਿਕ ਦੇਸ਼ ਵਿੱਚ ਇੱਕ-ਇੱਕ ਵੋਟ ਦੀ ਮਹੱਤਤਾ ਨੂੰ ਸਮਝਾਉਣ ਦੇ ਨਾਲ ਹੀ ਬੱਚਿਆਂ ਨੂੰ ਪਰਾਲੀ ਸਾੜਣ ਨਾਲ ਵਾਤਾਵਰਨ ਨੂੰ ਹੁੰਦੇ ਨੁਕਸਾਨ ਬਾਰੇ ਵੀ ਜਾਗਰੂਕ ਕਰਨ ਦੇ ਮਕਸਦ ਨਾਲ ਵਿਸ਼ੇਸ਼ ਤੌਰ ਤੇ ਪਹੁੰਚ ਕੀਤੀ। ਉਨ੍ਹਾਂ ਵਿਦਿਆਰਥੀਆਂ ਦੇ ਰੁਬਰੂ ਹੁੰਦਿਆਂ ਉਨ੍ਹਾਂ ਨਾਲ ਆਪਣੇ ਵਿਦਿਆਰਥੀ ਜੀਵਨ ਦੇ ਤਜਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲਤਾ ਹਾਸਲ ਕਰਨ ਲਈ ਆਪਣੇ ਟੀਚੇ ਨਿਰਧਾਰਿਤ ਕਰਨ ਲਈ ਕਿਹਾ।
ਹੋਰ ਪੜ੍ਹੋ :-ਡਾ. ਵੇਰਕਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ
ਇਸ ਮੌਕੇ ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵੋਟ ਦੇ ਮਹੱਤਵ ਅਤੇ ਇਸ ਦੀ ਵਰਤੋ, ਵੋਟ ਕਿਵੇਂ ਬਣਾਉਣੀ ਹੈ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਟੋਲ ਫਰੀ ਨੰਬਰ 1950, ਵੋਟਰ ਹੈਲਪਲਾਈਨ ਐਪ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਵਿਦਿਆਰਥੀ 18 ਸਾਲ ਦੇ ਹੋ ਚੁੱਕੇ ਹਨ ਉਹ ਆਪਣੀ ਵੋਟ ਤੁਰੰਤ ਬਣਵਾਉਣ ਅਤੇ ਸਮੂਹ ਵਿਦਿਆਰਥੀ ਅੱਗੇ ਆਪਣੇ ਪਰਿਵਾਰ ਦੇ ਨੌਜਵਾਨ ਭੈਣ-ਭਰਾਵਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ।
ਇਸੇ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਬੱਚਿਆਂ ਨੂੰ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਅਤੇ ਪਰਾਲੀ ਸਾੜਣ ਨਾਲ ਵਾਤਾਵਰਨ ਤੇ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਦੇ ਹੋਏ ਸਮੂਹ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਨੂੰ ਅਤੇ ਕਿਸਾਨਾਂ ਨੂੰ ਆਪਣੇ-ਆਪਣੇ ਪੱਧਰ ਤੇ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਅਤੇ ਨਵੇਂ ਵੋਟਰਾਂ ਦੀ ਵੋਟ ਬਣਾਉਣ ਦੇ ਸਬੰਧ ਵਿੱਚ ਜਿਲੇ ਦੇ ਸਮੂਹ ਸਕੂਲਾਂ, ਕਾਲਜਾਂ ਵਿੱਚ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਐੱਸਡੀਐਮ ਓਮ ਪ੍ਰਕਾਸ਼, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ, ਸੁਪਰਡੈਂਟ-1 ਜੋਗਿੰਦਰ ਸਿੰਘ, ਡਿਪਟੀ ਡੀਈਓ ਕੋਮਲ ਅਰੋੜਾ, ਪ੍ਰਿੰਸੀਪਲ ਸ.ਸ.ਸੈਕ. ਸਮਾਰਟ ਸਕੂਲ ਲੜਕੀਆਂ ਰਾਜੇਸ਼ ਮਹਿਤਾ, ਪ੍ਰਿੰਸੀਪਲ ਸ.ਸ.ਸੈਕੰ.ਸਮਾਰਟ ਸਕੂਲ ਲੜਕੇ ਜਗਦੀਪਪਾਲ ਸਿੰਘ, ਸੰਤੋਖ ਕਾਨੂੰਗੋ ਤੋਂ ਇਲਾਵਾ ਸਕੂਲ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੀ ਹਾਜ਼ਰ ਸੀ।